5 Dariya News

16 ਜੂਨ ਤੱਕ ਜ਼ਿਲੇ ਦੇ ਸਾਰੇ ਪਿੰਡਾਂ ’ਚ ਮੁਕੰਮਲ ਕੀਤੀ ਜਾਵੇਗੀ ਕਰੋਨਾ ਟੈਸਟਿੰਗ : ਬੀ.ਸ੍ਰੀਨਿਵਾਸਨ

ਕਿਹਾ, ਕਰੋਨਾ ਪ੍ਰਭਾਵਿਤ ਪਿੰਡਾਂ ’ਚ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਟੈਸਟਿੰਗ

5 Dariya News

ਬਠਿੰਡਾ 19-May-2021

ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਜ਼ਿਲੇ ’ਚ ਕੋਵਿਡ ਨਾਲ ਸਬੰਧਤ ਅਤੇ ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦੀ ਬਰੀਕੀ ਨਾਲ ਸਮੀਖਿਆ ਕੀਤੀ। ਇਸ ਮੌਕੇ ਉਨਾਂ ਜ਼ਿਲੇ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਦਾ ਜਾਇਜਾ ਲੈਂਦਿਆ ਦੱਸਿਆ ਕਿ ਮੌਜੂਦਾ ਸਮੇਂ ਜ਼ਿਲੇ ’ਚ ਬੈੱਡਾਂ ਦੀ ਕੋਈ ਸਮੱਸਿਆ ਨਹੀਂ ਹੈ। ਇਸ ਦੌਰਾਨ ਉਨਾਂ ਪੇਂਡੂ ਖੇਤਰ ਵਿੱਚ ਇਸ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਸ਼ੇਸ਼ ਵਿਚਾਰ-ਵਟਾਂਦਰਾਂ ਕਰਦਿਆਂ ਜਿੱਥੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਟੈਸਟਿੰਗ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਉੱਥੇ ਹੀ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਨੰਬਰਦਾਰਾਂ ਨੂੰ ਵਿਸ਼ੇਸ਼ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਵੱਡੀ ਪੱਧਰ ਤੇ ਕਰੋਨਾ ਟੈਸਟਿੰਗ ਕੀਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਪਿੰਡ ਵਾਸੀਆਂ ਨੂੰ ਦੱਸਿਆ ਜਾਵੇ ਕਿ ਉਹ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। 

ਜੇਕਰ ਉਨਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣ। ਇਸ ਨਾਲ ਜਿੱਥੇ ਉਹ ਮੁੱਢਲੇ ਪੜਾਅ ਤੇ ਹੀ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਨ ਉੱਥੇ ਆਪਣੇ ਪਰਿਵਾਰ ਤੇ ਸਮਾਜ ਨੰੂ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਅ ਸਕਣਗੇ। ਡਿਪਟੀ ਕਮਿਸ਼ਨਰ ਨੇ ਜ਼ਿਆਦਾ ਕਰੋਨਾ ਪ੍ਰਭਾਵਿਤ ਪਿੰਡਾਂ ਵਿਚ ਜੰਗੀ ਪੱਧਰ ਤੇ ਕਰੋਨਾ ਟੈਸਟਿੰਗ ਲਈ ਸਬੰਧਤ ਐਸ.ਡੀ.ਐਮ., ਡੀ.ਐਸ.ਪੀਜ਼, ਬੀ.ਡੀ.ਪੀ.ਓਜ਼ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਅਧਾਰਤ ਸਾਂਝੀ ਕਮੇਟੀ ਨੂੰ ਘੱਟੋਂ-ਘੱਟ ਹਰੇਕ ਬਲਾਕ ਦੇ ਇੱਕ ਪਿੰਡ ਵਿੱਚ ਰੋਜ਼ਾਨਾ ਕਰੋਨਾ ਟੈਸਟਿੰਗ ਕੈਂਪ ਲਗਾਉਣ ਅਤੇ ਕੈਂਪ ਦੌਰਾਨ 200 ਤੋਂ 300 ਤੱਕ ਵਿਅਕਤੀਆਂ ਦੀ ਟੈਸਟਿੰਗ ਕਰਨੀ ਯਕੀਨੀ ਬਣਾਉਣ ਲਈ ਕਿਹਾ। ਕਿਉਂਕਿ ਜਿੰਨੀ ਜ਼ਿਆਦਾ ਟੈਸਟਿੰਗ ਹੋਵੇਗੀ ਉਨਾਂ ਹੀ ਇਸ ਬਿਮਾਰੀ ਬਾਰੇ ਜਲਦ ਪਤਾ ਲੱਗਣ ਤੇ ਇਸ ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕੇਗਾ। ਇਸ ਦੇ ਨਾਲ ਹੀ ਉਨਾਂ ਇਹ ਵੀ ਖਾਸ ਹਦਾਇਤ ਕੀਤੀ ਕਿ ਕਰੋਨਾ ਟੈਸਟਿੰਗ ਟੀਮਾਂ ਸਵੇਰੇ 10 ਵਜੇ ਤੱਕ ਪਿੰਡਾਂ ਵਿਚ ਹਰ ਹਾਲ ਪਹੁੰਚਣਾ ਯਕੀਨੀ ਬਣਾਉਣ।ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸ੍ਰੀ ਬਬਨਦੀਪ ਸਿੰਘ ਵਾਲੀਆਂ , ਡੀ.ਐਸ.ਪੀ. ਜਸਪਾਲ ਸਿੰਘ, ਡਾ. ਯਾਦਵਿੰਦਰ ਸਿੰਘ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਡੀ.ਡੀ.ਪੀ.ਓ. ਮੈਡਮ ਨੀਰੂ ਗਰਗ, ਬੀ.ਡੀ.ਪੀ.ਓ. ਅਭਿਨਵ ਅਤੇ ਡਾਟਾ ਸੈੱਲ ਦੇ ਇੰਚਾਰਜ ਸ੍ਰੀ ਨਵੀਨ ਗਡਵਾਲ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।