ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕੀਤਾ ਦੌਰਾ, ਕਰੋਨਾ ਵਾਰਡ ਨੂੰ ਕਰਵਾਇਆ ਸੈਨੇਟਾਈਜ਼
ਕਿਹਾ, ਆਕਸੀਜਨ ਦੀ ਕੋਈ ਕਮੀ ਨਹੀਂ, ਲੋਕ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ
5 Dariya News
ਫਿਰੋਜ਼ਪੁਰ 15-May-2021
ਵਿਧਾਇਕ ਫਿਰੋਜ਼ਪੁਰ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕੀਤਾ ਅਤੇ ਕਰੋਨਾ ਵਾਰਡ ਨੂੰ ਸੈਨੇਟਾਈਜ਼ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕ ਕਰੋਨਾ ਵਾਰਡ ਤੋਂ ਡਰਦੇ ਹਨ ਪਰੰਤੂ ਡਰਨ ਦੀ ਕੋਈ ਲੋੜ ਨਹੀਂ, ਸਗੋਂ ਕਰੋਨਾ ਨਾਲ ਲੜਣਾ ਚਾਹੀਦਾ ਹੈ ਅਤੇ ਇਸ ਲਈ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।ਵਿਧਾਇਕ ਪਿੰਕੀ ਨੇ ਕਿਹਾ ਕਿ ਕਰੋਨਾ ਨਾਲ ਲੜਾਈ ਲੜਨ ਲਈ ਸਿਵਲ ਹਸਪਤਾਲ ਦੇ ਡਾਕਟਰ ਪੂਰੀ ਮਿਹਨਤ ਨਾਲ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਕਰੋਨਾ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਵੀ ਡਰਨ ਦੀ ਲੋੜ ਨਹੀਂ ਹੈ ਅਤੇ ਹੌਂਸਲਾ ਰੱਖਣਾ ਚਾਹੀਦਾ ਹੈ। ਹਸਪਤਾਲ ਵਿੱਚ ਕਰੋਨਾ ਦੇ 70 ਬੈੱਡ ਹਨ, ਜਦਕਿ 22 ਮਰੀਜ਼ ਦਾਖਲ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਮਰੀਜ਼ਾਂ ਨੂੰ ਪੂਰੀ ਸੁਵਿਧਾ ਦੇਣ ਲਈ 4 ਐਂਬੂਲੈਂਸ ਚੱਲ ਰਹੀਆਂ ਹਨ ਜੋ ਮਰੀਜ਼ਾਂ ਨੂੰ ਲੈ ਕੇ ਆਉਣ ਅਤੇ ਛੱਡ ਕੇ ਆਉਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿ ਕਰੋਨਾ ਮਰੀਜ਼ਾਂ ਨੂੰ ਫ਼ਤਿਹ ਕਿੱਟਾਂ ਵੀ ਮਹੁੱਈਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਲੋੜੀਂਦਾ ਸਾਰਾ ਸਮਾਨ ਅਤੇ ਦਵਾਈਆਂ ਸ਼ਾਮਲ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪੂਰੇ 33 ਵਾਰਡਾਂ ਨੂੰ ਪਹਿਲਾਂ ਵੀ ਸੈਨੇਟਾਈਜ਼ ਕਰਵਾਇਆ ਗਿਆ ਹੈ ਅਤੇ ਹੁਣ ਦੁਬਾਰਾ ਵੀ ਸੈਨੇਟਾਈਜ਼ ਕੀਤਾ ਜਾਵੇਗਾ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਉਪਰ ਵਾਲਿਆਂ ਨੂੰ ਵੀ ਟੀਕਾਕਰਨ ਲਗਾਇਆ ਜਾ ਰਿਹਾ ਹੈ। ਇਸ ਮੌਕੇ ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਡਾਕਟਰੀ ਸਟਾਫ ਹਾਜ਼ਰ ਸਨ।