5 Dariya News

ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਹੋਇਆ ਵਾਧਾ

ਮੈਕਸ ਹਸਪਤਾਲ ਮੁਹਾਲੀ ਵਿਖੇ ਮੌਲੀਕੀਊਲਰ ਲੈਬ ਆਰਟੀਪੀਸੀਆਰ ਟੈਸਟ ਕਰਨ ਵਾਲੀ ਪਹਿਲੀ ਨਿੱਜੀ ਹਸਪਤਾਲ ਅਧਾਰਤ ਲੈਬ ਹੋਵੇਗੀ

5 Dariya News

ਐਸ.ਏ.ਐਸ.ਨਗਰ 10-May-2021

ਮੈਕਸ ਹਸਪਤਾਲ ਮੁਹਾਲੀ ਵਿਖੇ ਮੌਲੀਕੀਊਲਰ ਲੈਬ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹੇ ਦੇ ਇਸ ਪ੍ਰਮੁੱਖ ਨਿੱਜੀ ਹਸਪਤਾਲ ਦੇ ਅਹਾਤੇ ਵਿਚ ਮੌਲੀਕੀਊਲਰ ਲੈਬ ਸਥਾਪਿਤ ਕੀਤੇ ਜਾਣ ਨਾਲ ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿਚ ਵਾਧਾ ਹੋਇਆ ਹੈ।ਇਸ ਨਵੀਂ ਅਪਗ੍ਰੇਡ ਸਹੂਲਤ ਵਿਚ ਇਕ ਅਤਿ ਆਧੁਨਿਕ ਡਾਇਗਨੌਸਟਿਕ ਲੈਬ ਉਪਲੱਬਧ ਹੈ ਜੋ ਟ੍ਰਾਈਸਿਟੀ ਵਿਚ ਆਰਟੀਪੀਸੀਆਰ ਟੈਸਟ ਕਰਨ ਵਾਲੀ ਪਹਿਲੀ ਨਿੱਜੀ ਹਸਪਤਾਲ ਅਧਾਰਤ ਲੈਬ ਹੋਵੇਗੀ। ਇਹ ਮੈਕਸ ਹਸਪਤਾਲ ਵੱਲੋਂ ਕੀਤੀ ਗਈ ਵੱਡੀ ਪਹਿਲਕਦਮੀ ਹੈ ਜੋ 24 ਘੰਟਿਆਂ ਦੇ ਅੰਦਰ-ਅੰਦਰ ਕੋਵਿਡ ਰਿਪੋਰਟ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ ਜਦੋਂ ਕਿ ਪਹਿਲਾਂ ਰਿਪੋਰਟ ਵਿੱਚ 48 ਘੰਟਿਆਂ ਤੋਂ ਵੱਧ ਸਮਾਂ ਲੱਗਦਾ ਸੀ। ਕੋਵਿਡ ਟੈਸਟਾਂ ਲਈ ਆਰਟੀਪੀਸੀਆਰ ਦੇ ਨਮੂਨੇ ਪਹਿਲਾਂ ਇਸ ਹਸਪਤਾਲ ਵੱਲੋਂ ਜਾਂਚ ਲਈ ਦਿੱਲੀ ਭੇਜੇ ਜਾਂਦੇ ਸਨ।ਸ੍ਰੀ ਵਿਵੇਨ ਸਿੰਘ ਗਿੱਲ (ਵੀ.ਪੀ. ਆਪ੍ਰੇਸ਼ਨ ਮੈਕਸ ਮੋਹਾਲੀ ਅਤੇ ਬਠਿੰਡਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਭਾਰਤ ਦੀ ਪ੍ਰਮੁੱਖ ਸਿਹਤ ਸੰਭਾਲ ਸੰਸਥਾ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਨੇ ਆਪਣੀ ਨਵੀਂ ਵਿਕਸਤ ਮੌਲੀਕੀਊਲਰ ਲੈਬ ਦੀ ਸ਼ੁਰੂਆਤ ਕੀਤੀ ਹੈ। ਨਵੀਂ ਲੈਬ ਦੀ ਸਥਾਪਨਾ 26 ਦਿਨਾਂ ਦੇ ਥੋੜੇ ਸਮੇਂ ਵਿੱਚ ਕੀਤੀ ਗਈ ਹੈ ਜਿਸ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ, ਐੱਨ.ਏ.ਬੀ.ਐੱਲ ਪ੍ਰਵਾਨਗੀ ਲੈਣਾ, ਸਟਾਫ ਨੂੰ ਸਿਖਲਾਈ ਦੇਣ ਲਈ ਆਈਸੀਐਮਆਰ ਦੀ ਮਨਜ਼ੂਰੀ ਲੈਣੀ ਸ਼ਾਮਲ ਹੈ।ਸ੍ਰੀ ਗਿੱਲ ਨੇ ਇਹ ਵੀ ਕਿਹਾ ਕਿ ਲੈਬ 24 ਘੰਟੇ ਕਾਰਜਸ਼ੀਲ ਰਹੇਗੀ ਅਤੇ ਆਰਟੀਪੀਸੀਆਰ ਟੈਸਟਾਂ ਲਈ ਸਰਕਾਰੀ ਰੇਟ ਲਾਗੂ ਹੋਣਗੇ।