5 Dariya News

ਸੀ.ਐਚ.ਸੀ. ਜਵੱਦੀ ਵਿਖੇ ਲੈਵਲ-2 ਕੋਵਿਡ ਕੇਅਰ ਸੈਂਟਰ ਸੁਰੂ : ਮਮਤਾ ਆਸ਼ੂ

ਮਮਤਾ ਆਸ਼ੂ ਤੇ ਐਸ.ਡੀ.ਐਮ. ਅਮਰਿੰਦਰ ਸਿੰਘ ਮੱਲ੍ਹੀ ਨੇ ਕੀਤਾ ਜਵੱਦੀ ਹਸਪਤਾਲ ਦਾ ਦੌਰਾ, ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਟਾਫ ਨਾਲ ਕੀਤੀ ਗੱਲਬਾਤ

5 Dariya News

ਲੁਧਿਆਣਾ 08-May-2021

ਅਸਥਾਈ ਕੋਵਿਡ ਹਸਪਤਾਲਾਂ ਰਾਹੀਂ ਇਸ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਜਵੱਦੀ ਵਿਖੇ ਲੈਵਲ-2 ਦੇ 60 ਬੈੱਡ ਸਥਾਪਤ ਕੀਤੇ.ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦੇ ਨਾਲ ਇਸ ਸੈਂਟਰ ਦਾ ਨਿਰੀਖਣ ਕਰਦਿਆਂ ਐਸ.ਡੀ.ਐਮ. (ਪੱਛਮੀ) ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸੈਂਟਰ ਨੂੰ ਲੈਵਲ-2 ਕੋਵਿਡ ਕੇਅਰ ਸਹੂਲਤ ਵਜੋਂ ਪੂਰੀ ਦੇਖਭਾਲ ਨਾਲ ਚਲਾਉਣ।ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਪਹਿਲਾਂ ਹੀ ਮੌਜੂਦ ਸੀ ਅਤੇ ਇਸੇ ਕਰਕੇ ਦੂਜੇ ਹਸਪਤਾਲਾਂ ਦਾ ਭਾਰ ਘਟਾਉਣ ਅਤੇ ਉਨ੍ਹਾਂ ਦੇ ਲੈਵਲ-2 ਦੇ ਬੈਡਾਂ ਨੂੰ ਆਈ.ਸੀ.ਯੂ. ਬੈੱਡਾਂ ਵਿਚ ਤਬਦੀਲ ਕਰਦਿਆਂ ਲੈਵਲ-2 ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ।ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਪੂਰੀ ਟੀਮ ਵਸਨੀਕਾਂ ਨੂੰ ਉੱਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਤਰਾਂ ਦੀਆਂ ਹੋਰ ਪੱਧਰ ਦੀਆਂ ਸਹੂਲਤਾਂ ਸਥਾਪਤ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸਮਰਪਿਤ ਡਾਕਟਰਾਂ ਅਤੇ ਸਿਹਤ ਸੰਭਾਲ ਸਟਾਫ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ, ਜਿਥੇ ਕੋਵਿਡ-19 ਦੇ 3 ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਸਪਤਾਲ ਵਿੱਚ ਬੈਡ ਨਾ ਮਿਲਣ ਦੀ ਸੂਰਤ ਵਿੱਚ ਸੀ.ਐਚ.ਸੀ. ਜਵੱਦੀ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਕੋਵਿਡ-19 ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।