5 Dariya News

ਮੁੱਖ ਮੰਤਰੀ ਵੱਲੋਂ ਮੰਤਰੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੈਂਸਰ ਮਰੀਜ਼ਾਂ ਲਈ ਕੀਮੋਥੈਰੇਪੀ ਦੇ ਪ੍ਰਬੰਧ ਲਈ ਕੋਸ਼ਿਸ਼ਾਂ ਕਰਨ ਦੇ ਨਿਰਦੇਸ਼

5 Dariya News

ਚੰਡੀਗੜ੍ਹ 07-May-2021

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਹਦਾਇਤ ਕੀਤੀ ਕਿ ਉਹ ਬਠਿੰਡਾ ਸਿਵਲ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਜਦੋਂਕਿ ਜ਼ਿਲੇ ਦੇ ਕੈਂਸਰ ਹਸਪਤਾਲ ਨੂੰ ਕੋਵਿਡ ਮਰੀਜ਼ਾਂ ਲਈ ਐਲ 3 ਸਹੂਲਤ ਵਜੋਂ ਵਰਤਣਾ ਜਾਰੀ ਰੱਖਿਆ ਜਾਵੇ। ਇਹ ਨਿਰਦੇਸ਼ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਕੈਂਸਰ ਹਸਪਤਾਲ ਨੂੰ ਪ੍ਰਸ਼ਾਸਨ ਵੱਲੋਂ ਕੋਵਿਡ ਸਹੂਲਤ ਵਜੋਂ ਵਰਤਣ ਕਾਰਨ ਕੈਂਸਰ ਦੇ ਮਰੀਜ਼ਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕਰਨ ਉਪਰੰਤ ਜਾਰੀ ਕੀਤਾ ਗਿਆ।ਮੁੱਖ ਸਕੱਤਰ ਵੱਲੋਂ ਬਠਿੰਡਾ ਵਿੱਚ ਕੋਈ ਹੋਰ ਐਲ 3 ਸਹੂਲਤ ਨਾ ਹੋਣ ਦੀ ਸੂਰਤ ਵਿੱਚ ਕੈਂਸਰ ਹਸਪਤਾਲ ਨੂੰ ਕੋਵਿਡ ਸਹੂਲਤ ਵਜੋਂ ਵਰਤਣ ਲਈ ਲਏ ਗਏ ਫੈਸਲੇ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਜਿੰਨਾ ਮਰੀਜ਼ਾਂ ਨੂੰ ਨਿਯਮਤ ਤੌਰ ‘ਤੇ ਦਰਦ ਪ੍ਰਬੰਧਨ ਦੀ ਲੋੜ ਹੁੰਦੀ ਹੈ ਉਨਾਂ ਲਈ ਕੁਝ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੈਂਸਰ ਹਸਪਤਾਲ ਦੇ 25 ਬੈੱਡ ਕੋਵਿਡ-19 ਮਰੀਜ਼ਾਂ ਲਈ ਵਰਤੇ ਜਾ ਰਹੇ ਹਨ ਕਿਉਂਕਿ ਬਠਿੰਡਾ ਏਮਜ ਐੱਲ 3 ਦੇ ਇਲਾਜ ਲਈ ਉਪਲਬਧ ਨਹੀਂ ਹੈ ਅਤੇ ਦੱਖਣੀ ਪੰਜਾਬ ਦੇ ਮਰੀਜ਼ਾਂ ਨੂੰ ਇਲਾਜ ਲਈ ਅਜਿਹੀ ਕੋਈ ਹੋਰ ਸਹੂਲਤ ਉਪਲਬਧ ਨਾ ਹੋਣ ਕਰਕੇ ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ ਜਾਂ ਪਟਿਆਲਾ ਵਿਖੇ ਜਾਣਾ ਪੈਂਦਾ ਹੈ। ਉਨਾਂ ਅੱਗੇ ਕਿਹਾ ਕਿ ਇੱਥੇ ਕੈਂਸਰ ਦੇ 40 ਮਰੀਜ਼ ਹਨ ਜੋ ਕੈਂਸਰ ਹਸਪਤਾਲ ਜਾਂਦੇ ਹਨ ਅਤੇ ਇੱਕ ਵੱਖਰੇ ਆਉਣ ਅਤੇ ਬਾਹਰ ਜਾਣ ਦੇ ਰਾਸਤੇ ਨਾਲ ਵੱਖਰੇ ਖੇਤਰ ਵਿੱਚ ਇਲਾਜ ਕਰਵਾਉਂਦੇ ਹਨ ਜਿਸ ਨਾਲ ਉਨਾਂ ਨੂੰ ਕੋਵਿਡ ਸਬੰਧੀ ਕੋਈ ਖਤਰਾ ਨਹੀਂ ਹੁੰਦਾ।ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਕੈਂਸਰ ਦੇ ਮਰੀਜ਼ਾਂ ਨੂੰ ਇਹ ਇਲਾਜ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਐਲ 3 ਕੋਵਿਡ ਮਰੀਜਾਂ ਲਈ ਵਧੇਰੇ ਬੈੱਡ ਉਪਲਬਧ ਹੋ ਸਕਣ।