5 Dariya News

ਮੁੱਖ ਮੰਤਰੀ ਨੇ ਕੋਵਿਡ ਖਿਲਾਫ ਜੰਗ ਲਈ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਹੋਰ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਦਵਾਈਆਂ ਲਈ ਕੇਂਦਰ ’ਤੇ ਦਬਾਅ ਬਣਾਉਣ ਲਈ ਆਖਿਆ

ਜ਼ਰੂਰੀ ਸਪਲਾਈ ਮਿਲਣ ਵਿੱਚ ਕੇਂਦਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰਨ ’ਤੇ ਦੁੱਖ ਜ਼ਾਹਰ ਕੀਤਾ, ਹਰਿਆਣਾ ਨੂੰ ਮਿਲ ਰਹੀ ਹੈ ਵੱਧ ਸਪਲਾਈ

5 Dariya News

ਚੰਡੀਗੜ੍ਹ 06-May-2021

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਜ਼ਰੂਰੀ ਦਵਾਈਆਂ ਦੀ ਲੋੜੀਂਦੀ ਸਪਲਾਈ ਲਈ ਕੇਂਦਰ ਉਤੇ ਦਬਾਅ ਬਣਾਉਣ ਤਾਂ ਜੋ ਕੋਰੋਨਾ ਮਹਾਂਮਾਰੀ ਦੀ ਆਈ ਦੂਜੀ ਖਤਰਨਾਕ ਲਹਿਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੂਬਾ ਸਰਕਾਰ ਦੀ ਮੱਦਦ ਹੋ ਸਕੇ।ਸੰਸਦ ਮੈਂਬਰਾਂ ਨੂੰ ਸੂਬੇ ਦੇ ਆਕਸੀਜਨ ਕੋਟੇ ਨੂੰ ਵਧਾਉਣ ਅਤੇ ਰੋਜ਼ਾਨਾ ਪੂਰਾ 195 ਮੀਟਰਿਕ ਟਨ ਅਲਾਟ ਕੋਟਾ ਚੁੱਕਣ ਲਈ ਪਹਿਲ ਦੇ ਆਧਾਰ ’ਤੇ ਵਾਧੂ ਟੈਂਕਰਾਂ ਨੂੰ ਭੇਜਣ ਲਈ ਭਾਰਤ ਸਰਕਾਰ ਨੂੰ ਪ੍ਰੇਰਿਤ ਕਰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਖਿਲਾਫ ਜੰਗ ਵਿੱਚ ਜ਼ਰੂਰੀ ਲੋੜੀਂਦੀ ਸਪਲਾਈ ਦੇ ਮਾਮਲੇ ਵਿੱਚ ਪੰਜਾਬ ਨਾਲ ਕੇਂਦਰ ਵੱਲੋਂ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਭਾਜਪਾ ਸਾਸ਼ਿਤ ਗੁਆਂਢੀ ਸੂਬੇ ਹਰਿਆਣਾ ਨੂੰ ਪੰਜਾਬ ਨਾਲੋਂ ਵੱਧ ਆਕਸੀਜਨ ਕੋਟਾ ਅਤੇ ਹੋਰ ਟੈਂਕਰ ਮਿਲ ਰਹੇ ਹਨ।ਇਸ ਮਾਮਲੇ ਉਤੇ ਗੰਭੀਰਤਾ ਜ਼ਾਹਰ ਕਰਦਿਆਂ ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਵਾਅਦਾ ਕੀਤਾ ਕਿ ਉਨਾਂ ਦੇ ਐਮ.ਪੀ.ਲੈਡ ਫੰਡ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਇਲਾਜ ਲਈ ਗੁਆਂਢੀ ਸੂਬਿਆਂ ਤੋਂ ਮਰੀਜ਼ਾਂ ਦੇ ਇਲਾਜ ਲਈ ਆਉਣ ਕਾਰਨ ਸੂਬੇ ਵਿੱਚ ਮਰੀਜ਼ਾਂ ਦੇ ਵੱਧ ਭਾਰ ਪੈਣ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਦਵਾਈਆਂ ਦੀ ਘਾਟ ਤੋਂ ਇਲਾਵਾ ਸੂਬਾ ਵੈਂਟੀਲੇਟਰ ਫਰੰਟ ਉਤੇ ਵੀ ਜੂਝ ਰਿਹਾ ਹੈ ਕਿਉਕਿ ਭਾਰਤ ਸਰਕਾਰ ਵੱਲੋਂ ਪ੍ਰਾਪਤ 809 ਵੈਂਟੀਲੇਟਰਾਂ ਵਿੱਚੋਂ 108 ਨੂੰ ਸਥਾਪਤ ਕਰਨ ਲਈ ਕੋਈ ਵੀ ਬੀ.ਈ.ਐਲ. ਇੰਜਨੀਅਰ ਨਹੀਂ ਹੈ।ਕੈਪਟਨ ਅਮਰਿੰਦਰ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਸੂਬੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਉਨਾਂ ਵਲੋਂ ਸੂਬੇ ਲਈ ਆਕਸੀਜਨ ਕੋਟੇ ਵਿੱਚ 50 ਮੀਟਰਿਕ ਟਨ ਵਾਧਾ ਕਰਨ ਸਬੰਧੀ ਨਿੱਜੀ ਤੌਰ ’ਤੇ ਪੱਤਰ ਲਿਖਣ ਦੇ ਬਾਵਜੂਦ ਸੂਬਾ ਹਾਲੇ ਵੀ ਲੋੜੀਂਦੀ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ। ਉਨਾਂ ਦੱਸਿਆ ਕਿ ਸੂਬੇ ਨੂੰ ਆਪਣੀਆਂ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ 195 ਮੀਟਰਿਕ ਟਨ ਦਾ ਕੋਟਾ ਨਾਕਾਫੀ ਹੈ ਅਤੇ ਟੈਂਕਰਾਂ ਦੀ ਘਾਟ ਕਾਰਨ ਇਸ ਕੋਟੇ ਵਾਲੀ ਆਕਸੀਜਨ ਦੀ ਵੀ ਪੂਰੀ ਤਰਾਂ ਲਿਫਟਿੰਗ ਨਹੀਂ ਕੀਤੀ  ਜਾ ਸਕੀ। ਉਨਾਂ ਕਿਹਾ ਕਿ ਸੂਬੇ ਦਾ ਇਸ ਸਮੇਂ ਨੇੜਲੇ ਸਰੋਤਾਂ (ਦੇਹਰਾਦੂਨ, ਪਾਣੀਪਤ, ਰੁੜਕੀ) ਵੱਲ 120 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ।

ਉਨਾਂ ਕਿਹਾ ਮੌਜੂਦਾ ਸਥਿਤੀ ਬਹੁਤ ਗੰਭੀਰ ਹੈ ਅਤੇ ਪੰਜਾਬ ਇਸ ਸਮੇਂ 12 ਘੰਟਿਆਂ ਦੇ ਆਕਸੀਜਨ ਸਪਲਾਈ ਚੱਕਰ ਦਾ ਪ੍ਰਬੰਧ ਕਰ ਰਿਹਾ ਹੈ।ਟੀਕਾਕਰਨ ਦੇ ਸਬੰਧ ਵਿੱਚ ਗੱਲ ਕਰਦਿਆਂ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਵੱਲੋਂ ਵਾਰ-ਵਾਰ ਟੀਕਿਆਂ ਦੀ ਸਪਲਾਈ ਵਿੱਚ ਦੇਰੀ ਅਤੇ ਘੱਟ ਸਪਲਾਈ ਕਰਨ ’ਤੇ ਚਿੰਤਾ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਉਪਲੱਬਧਤਾ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੋਵਾਂ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪ੍ਰਤੀ ਕੇਂਦਰ ਦੀ ਉਦਾਸੀਨਤਾ ਇਸ ਤੱਥ ਤੋਂ ਵੀ ਝਲਕਦੀ ਹੈ ਕਿ ਹੋਰ ਸੂਬਿਆਂ ਨੂੰ ਟੋਸੀਲੀਜੁਮਬ ਦੀਆਂ ਵਧੇਰੇ ਸ਼ੀਸ਼ੀਆਂ ਦਿੱਤੀਆਂ ਗਈਆਂ ਸਨ ਜਿਨਾਂ ਦੀ ਦਰਾਮਦ ਅਤੇ ਵੰਡ ਭਾਰਤ ਸਰਕਾਰ ਦੁਆਰਾ ਨਿਯੰਤ੍ਰਤ ਕੀਤੀ ਗਈ ਸੀ। ਉਨਾਂ ਅੱਗੇ ਕਿਹਾ ਕਿ ਸੂਬੇ ਨੇ 650 ਸ਼ੀਸ਼ੀਆਂ ਦੀ ਮੰਗ ਕੀਤੀ ਸੀ ਪਰ ਸ਼ੁਰੂਆਤੀ ਪੜਾਅ ਵਿਚ ਸਿਰਫ 200 ਹੀ ਦਿੱਤੀਆਂ ਗਈਆਂ ਜਿਨਾਂ ਦੀ ਵੰਡ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਕੀਤੀ ਗਈ। ਉਨਾਂ ਨੇ ਕਿਹਾ ਕਿ ਰੈਮਡੀਸਿਵਰ ਦੀ ਸਪਲਾਈ ਬਹੁਤ ਘੱਟ ਹੈ ਕਿਉਂਕਿ ਸੂਬੇ ਨੂੰ ਅਲਾਟ ਕੀਤੀਆਂ 50000 ਸ਼ੀਸ਼ੀਆਂ ਦੀ ਸਪਲਾਈ ਬਹੁਤ ਹੌਲੀ ਹੈ।ਮੀਟਿੰਗ ਦੌਰਾਨ ਸੂਬੇ ਵਿੱਚ ਸਿਹਤ ਅਤੇ ਮੈਡੀਕਲ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਮਾੜੇ ਪ੍ਰਤੀਕਰਮ ਦਾ ਵੀ ਗੰਭੀਰ ਨੋਟਿਸ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਕੇਂਦਰੀ ਸੰਸਥਾਵਾਂ ਜਿਵੇਂ ਆਈਸਰ ਮੁਹਾਲੀ ਨੇ ਕਦੇ ਵੀ ਕੋਵਿਡ ਟੈਸਟਿੰਗ ਵਿੱਚ ਸਮਰਥਨ ਨਹੀਂ ਦਿੱਤਾ। ਉਨਾਂ ਅੱਗੇ ਕਿਹਾ ਕਿ ਏਮਜ਼ ਬਠਿੰਡਾ, ਜਿਸਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 5 ਸਾਲ ਪਹਿਲਾਂ ਰੱਖਿਆ ਸੀ, ਵੀ ਗੰਭੀਰ ਕੋਵਿਡ ਕੇਅਰ ਮੁਹੱਈਆ ਨਹੀਂ ਕਰਵਾ ਸਕਿਆ। ਪੀ.ਜੀ.ਆਈ., ਜੋ ਕਿ ਇਸ ਖੇਤਰ ਦੇ ਮੁੱਖ ਰੈਫਰਲ ਹਸਪਤਾਲ ਵਜੋਂ ਸਥਾਪਿਤ ਕੀਤਾ ਗਿਆ ਸੀ, ਪੰਜਾਬ ਤੋਂ ਰੈਫਰ ਕੀਤੇ ਜ਼ਿਆਦਾਤਰ ਮਰੀਜਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਰਿਹਾ ਹੈ (ਭਾਵੇਂ ਖੁਦ ਚੱਲ ਕੇ ਆਉਣ ਵਾਲੇ ਮਰੀਜ਼ ਦਾਖਲ ਕੀਤੇ ਜਾ ਰਹੇ ਹਨ) ਅਤੇ ਇਹ ਪੰਜਾਬ ਦੇ ਕਾਲਜਾਂ ਨਾਲੋਂ ਵੀ ਘੱਟ ਟੈਸਟ ਕਰਵਾ ਰਿਹਾ ਹੈ।ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਦੇ ਇਸ ਖੁਲਾਸੇ ’ਤੇ ਚਿੰਤਾ ਜ਼ਾਹਰ ਕੀਤੀ ਕਿ ਪਿਛਲੇ ਇਕ ਮਹੀਨੇ ਤੋਂ ਵਾਇਰਸ ਵਿੱਚ ਆਏ ਬਦਲਾਅ ਦੇ ਨਤੀਜੇ ਪ੍ਰਾਪਤ ਨਹੀਂ ਹੋਏ।ਭਲਕੇ ਤੋਂ ਦੁਕਾਨਾਂ ਪੜਾਅਵਾਰ ਖੋਲਣ ਦੇ ਮੁੱਦੇ ’ਤੇ ਉਨਾਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਸਬੰਧਤਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਸਾਰੇ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ।ਮੀਟਿੰਗ ਵਿੱਚ ਸ਼ਾਮਲ ਲੋਕ ਸਭਾ ਮੈਂਬਰਾਂ ਵਿੱਚੋਂ ਅੰਮਿ੍ਰਤਸਰ ਤੋਂ ਗੁਰਜੀਤ ਸਿੰਘ ਔਜਲਾ, ਪਟਿਆਲਾ ਤੋਂ ਪਰਨੀਤ ਕੌਰ, ਫਤਹਿਗੜ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਹਾਜ਼ਰ ਸਨ।