5 Dariya News

18-45 ਵਰਗ ਦੇ ਵਿਅਕਤੀ 30 ਅਪ੍ਰੈਲ ਤੱਕ ਪੋਰਟਲ ਤੇ ਕਰਵਾ ਸਕਦੇ ਹਨ ਆਨ-ਲਾਇਨ ਰਜਿਸਟ੍ਰੇਸ਼ਨ : ਬੀ. ਸ਼੍ਰੀਨਿਵਾਸਨ

ਕਿਹਾ, 1 ਮਈ ਤੋਂ 18 ਸਾਲ ਤੋਂ ਵਧੇਰੀ ਉਮਰ ਦੇ ਵਿਅਕਤੀ ਵੀ ਕਰਵਾ ਸਕਣਗੇ ਵੈਕਸੀਨੇਸ਼ਨ

5 Dariya News

ਬਠਿੰਡਾ 28-Apr-2021

ਕਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਕਰੋਨਾ ਵੈਕਸੀਨੇਸ਼ਨ ਲਈ ਬੁੱਧਵਾਰ ਤੋਂ 30 ਅਪ੍ਰੈਲ ਤੱਕ 18-45 ਵਰਗ ਦੇ ਵਿਅਕਤੀ ਕੋਵਿਨ ਐਪ ਤੇ ਆਨ-ਲਾਇਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਆਪਣੇ ਦਫ਼ਤਰ ਵਿਖੇ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਠੱਲ੍ਹ ਪਾਉਣ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ।ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉਦਯੋਗਿਕ ਇਕਾਈਆਂ ਤੇ ਵਪਾਰਕ ਅਦਾਰਿਆਂ ਚ ਪਏ ਆਕਸੀਜ਼ਨ ਸਿਲੰਡਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਇਨ੍ਹਾਂ ਆਕਸੀਜ਼ਨ ਸਿਲੰਡਰਾਂ ਨੂੰ ਕਰੋਨਾ ਮੈਡੀਕਲ ਸੇਵਾਵਾਂ ਲਈ ਵਰਤਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਕਰੋਨਾ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੇ ਲਗਾਤਾਰ ਕੈਂਪ ਲਗਾਏ ਜਾਣ। ਇਸ ਤੋਂ ਇਲਾਵਾ ਸੇਵਾ ਤੇ ਸੁਵਿਧਾਂ ਕੇਂਦਰਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿਚ ਲਗਾਏ ਜਾਣ ਵਾਲੇ ਕੈਂਪਾਂ ਦੌਰਾਨ ਕੰਮਕਾਜ ਲਈ ਆਉਣ ਵਾਲੇ ਆਮ ਲੋਕਾਂ ਤੋਂ ਇਲਾਵਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੈਂਪਲਿੰਗ ਕਰਨੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਾਮ ਤਹਿਸੀਲ ਕੰਪਲੈਕਸ ਵਿਚ ਸ਼ਾਮ 5 ਵਜੇ ਤੱਕ ਕੈਂਪ ਲਗਾ ਕੇ ਸੈਂਪਲਿੰਗ ਕਰਨੀ ਯਕੀਨੀ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ, ਐਸਡੀਐਮ ਰਾਮਪੁਰਾ ਫੂਲ, ਸ਼੍ਰੀ ਨਵਦੀਪ ਕੁਮਾਰ, ਸ਼੍ਰੀ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਕੰਵਲਜੀਤ ਸਿੰਘ, ਡਾ. ਪਾਮਿਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਅਰਸ਼ੀ, ਬੀ.ਡੀ.ਪੀ.ਓ, ਸ਼੍ਰੀ ਅਭਿਨਵ ਅਤੇ ਜ਼ਿਲ੍ਹਾ ਕੰਟਰੋਲ ਰੂਮ ਇੰਚਾਰਜ ਸ਼੍ਰੀ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।