5 Dariya News

ਕੋਵਿਡ 19 ਤੋਂ ਬਚਣ ਲਈ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਲੋੜ

5 Dariya News

ਫਾਜ਼ਿਲਕਾ 19-Apr-2021

ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।ਲੋਕਾਂ ਨੂੰ ਜਿਥੇ ਟੈਸਟਿੰਗ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਵੈਕਸੀਨੇਸ਼ਨ ਲਗਵਾਉਣ ਲਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ `ਤੇ ਬੱਸ ਸਟੈਂਡ ਵਿਖੇ ਕਰੋਨਾ ਮੁਕਤ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਜੀਤ ਸਿੰਘ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਹਰਜਿੰਦਰ ਸਿੰਘ ਨੇ ਬੱਸ ਡਰਾਈਵਰਾਂ ਅਤੇ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਜਿਵੇਂ ਕਿ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਤਾਲਾਬੰਦੀ ਜਿਹੀ ਸਥਿਤੀ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੀ ਪਾਲਣਾ ਦੇ ਨਾਲ-ਨਾਲ ਯੋਗ ਵਿਅਕਤੀਆਂ ਨੂੰ ਟੀਕਾਕਰਨ ਵੀ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਹਰ ਰੋਜ਼ਾਨਾ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾ ਰਿਹਾ ਹੈ।ਐਸਐਸਪੀ ਸ੍ਰੀ ਹਰਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਿਰੁੱਧ ਲੜਾਈ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਲੜੀ ਜਾ ਸਕਦੀ ਹੈ। ਇਸ ਲਈ ਲੋਕਾਂ ਨੂੰ ਮਾਸਕ ਦੀ ਵਰਤੋਂ ਦੇ ਨਾਲ-ਨਾਲ ਹੋਰ ਸਾਵਧਾਨੀਟਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਿਸ ਨਾਗਰਿਕ ਵੱਲੋਂ ਮਾਸਕ ਦੀ ਵਰਤੋਂ ਨਾ ਕੀਤੀ ਗਈ ਤਾਂ ਉਸਦਾ ਚਲਾਨ ਕਟਿਆ ਜਾਵੇਗਾ।ਇਸ ਮੌਕੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ।ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਕਿਹਾ ਕਿ ਲੱਛਣ ਪਾਏ ਜਾਣ `ਤੇ ਹਰ ਵਿਅਕਤੀ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਜ਼ੋ ਵਿਅਕਤੀ ਪਾਜੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸਨੂੰ ਵੀ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਕਰਵਾ ਕੇ ਲੋੜੀਂਦਾ ਇਲਾਜ ਲੈ ਕੇ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ।ਇਸ ਮੌਕੇ ਸਿਹਤ ਵਿਭਾਗ ਤੋਂ ਸੁਮਨ ਕੁਮਾਰ, ਸੁਖਵਿੰਦਰ ਅਤੇ ਬੱਸ ਅੱਡੇ ਦੇ ਅਧਿਕਾਰੀ ਮੌਜੂਦ ਸਨ।