5 Dariya News

ਬੀ ਕਲਾਸ ਬਾਰਦਾਨੇ ਦੀ ਵਰਤੋਂ ਇੰਸਪੈਕਸ਼ਨ ਕਰਨ ਤੋਂ ਬਾਅਦ ਕਰਨ ਦੀ ਹਦਾਇਤ

ਆੜਤੀਆਂ ਨੂੰ ਕੀਤੀ ਜਾਵੇਗੀ ਬੀ ਕਲਾਸ ਬਾਰਦਾਨੇ ਦੀ ਅਦਾਇਗੀ-ਡਿਪਟੀ ਕਮਿਸ਼ਨਰ

5 Dariya News

ਅੰਮ੍ਰਿਤਸਰ 23-Apr-2021

ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚ ਬੀ ਕਲਾਸ ਦੇ ਬਾਰਦਾਨੇ ਦੀ ਵਰਤੋਂ ਕਰਨ ਲਈ ਆੜ੍ਹਤੀਆਂ ਨੂੰ ਕਿਹਾ ਗਿਆ ਹੈ। ਉਹਨਾਂ ਆੜ੍ਹਤੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ  ਬੀ ਕਲਾਸ ਬਾਰਦਾਨੇ ਦੀ ਵਰਤੋਂ ਇੰਸਪੈਕਸ਼ਨ ਕਰਨ ਤੋਂ ਬਾਅਦ ਹੀ ਕੀਤੀ ਜਾਵੇ । ਕੁਝ ਆੜਤੀਆਂ ਵੱਲੋ ਬਾਰਦਾਨੇ ਦੀ ਅਦਾਇਗੀ ਸਬੰਧੀ ਪ੍ਰਗਟਾਏ ਜਾ ਰਹੇ  ਖਦਸ਼ੇ  ਦੂਰ ਕਰਦਿਆਂ ਉਨ੍ਹਾਂਕਿਹਾ ਕਿ  ਬਾਰਦਾਨੇ ਦੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਦਾਇਗੀ ਆੜਤੀਆਂ ਨੂੰ ਕੀਤੀ ਜਾਵੇਗੀ।   ਡਿਪਟੀ ਕਮਿਸ਼ਨਰ  ਨੇ ਆੜਤੀਆਂ ਨੂੰ ਦੱਸਿਆ ਕਿ ਸਰਕਾਰੀ ਰੇਟ 41.90 ਰੁਪੲੈ ਸਮੇਤ ਜੀ:ਐਸ:ਟੀ ਪ੍ਰਤੀ ਬੋਰੀ ਬਾਰਦਾਨੇ ਦੀ ਅਦਾਇਗੀ ਉਨ੍ਹਾਂ ਨੂੰ ਕੀਤੀ ਜਾਵੇਗੀ। ਉਨ੍ਹਾਂ  ਸਮੂਹ ਐਸ:ਡੀ:ਐਮਜ਼ ਨੂੰ ਖੁਦ ਮੰਡੀਆਂ ਵਿੱਚ ਜਾ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਆਦੇਸ਼ ਜਾਰੀ  ਕਰਦੇ ਹਦਾਇਤ ਕੀਤੀ ਹੈ ਕਿ ਉਹ ਆਪਣੀ ਦੇਖ ਰੇਖ ਹੇਠ ਕਣਕ ਦੀ ਲਿਫਟਿੰਗ ਵਿੱਚ ਤੇਜੀ ਲਿਆਂਦੀ ਜਾਵੇ ਅਤੇ 48 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਅਦਾਇਗੀ ਯਕੀਨੀ ਬਣਾਈ ਜਾਵੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਖਰੀਦ ਇੰਸਪੈਕਟਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਮੀਂਹ ਦਾ ਬਹਾਨਾ ਬਣਾ ਕੇ ਖਰੀਦ ਵਿੱਚ ਦੇਰੀ ਨਾ ਲਿਆਂਦੀ ਜਾਵੇ ਸਗੋਂ ਸੈਡਾਂ ਹੇਠਾਂ ਪਈ ਕਣਕ ਫਸਲ ਨੂੰ ਤੁਰੰਤ ਖਰੀਦ ਕਰਕੇ ਲਿਫਟਿੰਗ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੋਣ ਨਾਲ ਮੀਂਹ ਵਿੱਚ ਗਿੱਲੀ ਹੋਈ ਕਣਕ ਨੂੰ ਸੁੱਕਣ ਦਾ ਸਮਾਂ ਮਿਲ ਜਾਵੇਗੀ ਅਤੇ ਮੰਡੀਆਂ ਵਿੱਚ ਆਉਣ ਵਾਲੀ ਨਵੀਂ ਕਣਕ ਦੀ ਸਾਂਭ ਸੰਭਾਲ ਵੀ ਕੀਤੀ ਜਾ ਸਕੇਗੀ। 

ਉਨ੍ਹਾਂ ਦੱਸਿਆ ਕਿ ਖਰੀਦ ੲੈਜੰਸੀਆਂ ਵੱਲੋਂ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਵਿੱਚ ਤੇਜੀ ਲਿਆਂਦੀ ਗਈ ਹੈ ਅਤੇ ਹੁਣ ਤੱਕ ਖਰੀਦ ਕੀਤੀ ਗਈ 90013 ਮੀਟਰਕ ਟਨ ਦੀ ਖਰੀਦ ਕਰਕੇ  ਕਿਸਾਨਾਂ ਨੂੰ 22 ਕਰੋੜ 63 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਅਦਾਇਗੀ ਨੂੰ ਛੇਤੀ ਹੀ ਕਰ ਦਿੱਤਾ ਜਾਵੇਗਾ।ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 109773 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਪਨਗਰੇਨ ਵੱਲੋਂ 31830 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 29830 ਮੀਟਿ੍ਰਕ ਟਨ, ਪਨਸਪ ਵੱਲੋਂ 17343 ਮੀਟਿ੍ਰਕ ਟਨ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 6382 ਮੀਟਿ੍ਰਕ ਟਨ ਅਤੇ ਐੱਫ਼. ਸੀ. ਆਈ. ਵੱਲੋਂ 5338 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਸ੍ਰੀ ਮਹਿਰਾ ਨੇ ਦੱਸਿਆ ਕਿ ਭਗਤਾਂਵਾਲਾ ਦਾਣਾ ਮੰਡੀ ਵਿਖੇ ਬਾਰਦਾਨੇ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ।ਜਿਲ੍ਹਾ ਮੰਡੀ ਅਫਸਰ ਸ੍ਰ ਅਮਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਆਪਣੀ ਫਸਲ ਵੇਚਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਮਾਰਕੀਟ ਕਮੇਟੀ ਦਫਤਰ ਜਾਂ ਜਿਲ੍ਹਾ ਮੰਡੀ ਅਫਸਰ ਦੇ ਧਿਆਨ ਵਿੱਚ ਲਿਆਵੇ ਅਤੇ ਇਸ ਤੋਂ ਇਲਾਵਾ ਲੋੜ ਪੈਣ ਤੇ ਕਿਸਾਨ ਪੰਜਾਬ ਮੰਡੀ ਬੋਰਡ ਵੱਲੋਂ ਸਟੇਟ ਪੱਧਰ ਦੇ ਸਥਾਪਤ ਅੰਮ੍ਰਿਤਸਰ ਜਿਲੇ੍ਹ ਨਾਲ ਸਬੰਧਤ ਕੰਟਰੋਲ ਰੂਮ ਨੰ: 0172-5101647 ’ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਅਪੀਲ ਕੀਤੀ ਕਿ ਕੋਵਿਡ-19 ਦੇ ਮੱਦੇਨਜ਼ਰ ਮੰਡੀਆਂ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਕਿਸਾਨ ਅਤੇ ਮਜ਼ਦੂਰ ਮੰਡੀਆਂ ਵਿੱਚ ਆਪਸ ‘ਚ “ਸ਼ੋਸਲ ਡਿਟੈਸਿੰਗ” ਕਾਇਮ ਰੱਖਣਾ ਯਕੀਨੀ ਬਣਾਉਣ।ਇਸ ਮੀਟਿੰਗ ਵਿੱਚ ਸ੍ਰੀ ਵਿਕਾਸ ਹੀਰਾ ਐਸ.ਡੀ.ਐਮ. ਅੰਮ੍ਰਿਤਸਰ -1, ਮੈਡਮ ਅਲਕਾ ਕਾਲੀਆ ਐਸ.ਡੀ.ਐਮ. ਮਜੀਠਾ, ਮੈਡਮ ਸੁਮਿੱਤ ਮੁੱਧ ਐਸ.ਡੀ.ਐਮ. ਬਾਬਾ ਬਕਾਲਾ, ਸ੍ਰੀ ਦੀਪਕ ਭਾਟੀਆ ਐਸ:ਡੀ:ਐਮ ਅਜਨਾਲਾ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜਰ ਸਨ।