ਡਿਪਟੀ ਕਮਿਸ਼ਨਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਅਤੇ ਟੀਕਾਕਰਨ ਮੁਹਿੰਮ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ 22 ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦਾ ਸਨਮਾਨ
ਅਧਿਕਾਰੀਆਂ ਨੂੰ ਅਪ੍ਰੈਲ ਮਹੀਨੇ ਦੇ ਅੰਦਰ ਸਮੁੱਚੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਹੋਰ ਉਪਰਾਲੇ ਕਰਨ ਲਈ ਕਿਹਾ
5 Dariya News
ਜਲੰਧਰ 19-Apr-2021
ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਤ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸੋਮਵਾਰ ਨੂੰ 22 ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਟੀਕਾਕਰਨ ਮੁਹਿੰਮ ਅਤੇ ਆਯੂਸ਼ਮਾਨ-ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਅਣਥੱਕ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਮਹਾਂਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਜਿੱਤਣ ਲਈ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰੰਟਲਾਈਨ ਵਰਕਰਾਂ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਜਾ ਕੇ ਯੋਗ ਲਾਭਪਾਤਰੀਆਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਨਾਜ਼ੁਕ ਲੋਕਾਂ ਦੀ ਟੀਕਾਕਰਨ ਮੁਹਿੰਮ ਤਹਿਤ ਵੈਕਸੀਨੇਸ਼ਨ ਸਾਈਟਾਂ 'ਤੇ ਲੈ ਕੇ ਆਏ। ਇਸ ਤੋਂ ਇਲਾਵਾ ਇਨ੍ਹਾਂ ਵਰਕਰਾਂ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਲਈ ਦਿਨ-ਰਾਤ ਕੰਮ ਕੀਤਾ ਗਿਆ ।ਸਮੁੱਚੇ ਹੈਲਥ ਕੇਅਰ ਅਤੇ ਫਰੰਟਲਾਈਨ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਨਿਰਸਵਾਰਥ ਸੇਵਾਵਾਂ ਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਹਨ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ. ਐਸ. ਰੰਧਾਵਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਇਨ੍ਹਾਂ ਲੋਕ ਪੱਖੀ ਯੋਜਨਾਵਾਂ ਦਾ ਲਾਭ ਪਹੁੰਚਾ ਕੇ ਟੀਕਾਕਰਨ ਮੁਹਿੰਮ ਅਤੇ ਸਰਬੱਤ ਸਹਿਤ ਬੀਮਾ ਯੋਜਨਾ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ।ਅੱਜ ਜਿਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ, ਉਨ੍ਹਾਂ ਵਿੱਚ ਸੁਪਰਵਾਈਜ਼ਰ ਰੀਨਾ, ਮੰਜੂ, ਜਸਵਿੰਦਰ ਕੌਰ, ਸੰਤੋਸ਼ ਕੌਰ, ਜਸਬੀਰ ਕੌਰ, ਬਲਬੀਰ ਕੌਰ, ਦਵਿੰਦਰ ਕੌਰ, ਪ੍ਰਵੀਨ ਬਾਲਾ, ਬਲਵੀਰ ਕੌਰ, ਸੁਖਵਿੰਦਰ ਕੌਰ, ਜਗਮਿੰਦਰ ਕੌਰ, ਆਂਗਣਵਾੜੀ ਵਰਕਰ ਰਾਜਵਿੰਦਰ ਕੌਰ, ਰਣਜੀਤ ਕੁਮਾਰੀ, ਡਿੰਪਲ ਸਤਵੰਤ ਕੌਰ, ਬਿਮਲਾ, ਸੁਰਜੀਤ ਕੌਰ, ਗੁਰਬਖਸ਼ ਕੌਰ, ਰਾਜਪਿੰਦਰ ਕੌਰ, ਮਮਤਾ ਰਾਣੀ, ਦਵਿੰਦਰ ਕੌਰ ਅਤੇ ਰੇਨੂੰ ਬਾਲਾ ਸ਼ਾਮਲ ਹਨ।