5 Dariya News

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਟੀਕਾਕਰਨ ਕੈਂਪ ਦੀ ਸੁਰੂਆਤ

ਐਨ.ਜੀ.ਓ 'ਸਿਟੀ ਨੀਡਜ' ਵਲੋਂ ਕੋਵਿਡ-19 ਸੰਬਧੀ ਤਿਆਰ ਕੀਤੀ ਡਾਕਊਮੈਂਟਰੀ ਵੀ ਕੀਤੀ ਜਾਰੀ

5 Dariya News

ਲੁਧਿਆਣਾ 17-Apr-2021

ਲੁਧਿਆਣਾ ਵਿਚ ਕੋਵਿਡ ਟੀਕਾਕਰਣ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ, ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਕੋਚਰ ਮਾਰਕੀਟ ਰੋਡ ਸਥਿਤ 'ਦ ਕਰੇਨਲਜ਼ ਪ੍ਰਿੰਟਰਜ਼' ਵਿਚ ਇਕ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ।ਵੈਕਸੀਨ ਨੂੰ ਮਹਾਂਮਾਰੀ ਵਿਰੁੱਧ ਇੱਕ ਹਥਿਆਰ ਕਰਾਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਿਰਫ ਟੀਕਾਕਰਨ ਵਿੱਚ ਤੇਜੀ ਲਿਆਉਣ ਨਾਲ ਹੀ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸਾਰੇ ਯੋਗ ਵਿਅਕਤੀ ਲਾਜ਼ਮੀ ਤੌਰ 'ਤੇ ਟੀਕਾਕਰਨ ਕੇਂਦਰਾਂ 'ਤੇ ਜਾ ਕੇ ਬੇਝਿੱਜਕ ਤੇ ਬਿਨ੍ਹਾਂ ਕਿਸੇ ਡਰ ਤੋਂ ਆਪਣਾ ਟੀਕਾਕਰਨ ਕਰਵਾਉਣ।ਸ੍ਰੀ ਆਸ਼ੂ ਨੇ ਕਿਹਾ ਕਿ ਜਿਵੇਂ ਹੀ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਦਿੱਤੀ ਜਾਵੇਗੀ, ਨਿਸਚਿਤ ਹੀ ਅਸੀਂ ਇਸ ਮਹਾਂਮਾਰੀ ਦੀ ਪਸਾਰ ਲੜੀ ਨੂੰ ਤੋੜਨ ਵਿੱਚ ਕਾਮਯਾਬ ਹੋ ਜਾਵਾਂਗੇ।ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲਗਭਗ 4 ਲੱਖ ਲਾਭਪਾਤਰੀਆਂ ਨੇ ਟੀਕੇ ਨੂੰ ਹਥਿਆਰ ਵਜੋਂ ਅਪਣਾਇਆ ਹੈ ਜੋ ਕਿ ਵਧੇਰੇ ਤਸੱਲੀਬਖਸ਼ ਨਹੀਂ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਅਦਿੱਖ ਦੁਸ਼ਮਣ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ, ਜੋ ਲਗਾਤਾਰ ਹਮਲਾਵਰ ਹੋ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਟੀਕਾਕਰਨ ਮੁਹਿੰਮ ਵਿੱਚ ਲੋਕਾਂ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਨੇੜੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। 

ਉਨ੍ਹਾਂ ਵਸਨੀਕ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਧਿਕਾਰੀਆਂ ਨੂੰ ਤਨਦੇਹੀ ਨਾਲ ਸਹਿਯੋਗ ਕਰਨ ਜੋ ਉਨ੍ਹਾਂ ਦੇ ਬਚਾਅ ਲਈ ਕਵਚ ਮੁਹੱਈਆ ਕਰਵਾਉਣ ਵਿਚ ਨਿਰੰਤਰ ਯਤਨ ਕਰ ਰਹੇ ਹਨ।ਉਨ੍ਹਾਂ ਸਥਾਨਕ ਐਨ.ਜੀ.ਓ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਵਿੱਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਕਿ ਹਰੇਕ ਯੋਗ ਵਸਨੀਕ (45 ਸਾਲ ਤੋਂ ਵੱਧ ਉਮਰ) ਨੂੰ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ ਹੈ ਤਾਂ ਜੋ ਸਾਰੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦਾ ਟੀਚਾ ਜਲਦ ਤੋਂ ਜਲਦ ਹਾਸਲ ਕੀਤਾ ਜਾ ਸਕੇ।ਸ੍ਰੀ ਆਸ਼ੂ ਨੇ ਕਿਹਾ ਕਿ ਐਨ.ਜੀ.ਓ ਦੇ ਵਲੰਟੀਅਰ ਟੀਕੇ ਲਗਾਉਣ ਦੇ ਉਨ੍ਹਾਂ ਦੇ ਨਿੱਜੀ ਤਜ਼ਰਬੇ ਨੂੰ ਸਾਂਝਾ ਕਰਕੇ ਟੀਕੇ ਬਾਰੇ ਉਨ੍ਹਾਂ ਦੀਆਂ ਸਾਰੀਆਂ ਸ਼ੰਕਾਵਾਂ/ਅਫ਼ਵਾਹਾਂ ਦਾ ਹੱਲ ਕੱਢਣ ਲਈ ਲੋਕਾਂ ਤੱਕ ਪਹੁੰਚ ਕਰ ਸਕਦੇ ਹਨ ਕਿਉਂਕਿ ਇਹ ਦੋ-ਪੱਖੀ ਸੰਚਾਰ ਲੋਕਾਂ ਦੇ ਮਨਾਂ 'ਤੇ ਅਮਿੱਟ ਪ੍ਰਭਾਵ ਛੱਡੇਗਾ ਅਤੇ ਉਨ੍ਹਾਂ ਨੂੰ ਵਲੰਟੀਅਰ ਵਜੋਂ ਟੀਕਾਕਰਨ ਲਈ ਉਤਸ਼ਾਹਿਤ ਕਰਨਗੇ।ਇਸ ਮੌਕੇ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਮਹਾਂਮਾਰੀ ਬਾਰੇ ਐਨ.ਜੀ.ਓ 'ਸਿਟੀ ਨੀਡਜ਼' ਵੱਲੋਂ ਤਿਆਰ ਕੀਤੀ ਗਈ ਇੱਕ ਡਾਕਊਮੈਂਟਰੀ ਵੀ ਜਾਰੀ ਕੀਤੀ।ਇਸ ਮੌਕੇ ਪ੍ਰਮੁੱਖ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਸਿਵਲ ਸਰਜਨ ਕੋਵਿਡ ਡਾ. ਕਿਰਨ ਗਿੱਲ, ਡਾ. ਐਸ.ਬੀ.ਪਾਂਧੀ, ਮਨੀਤ ਦੀਵਾਨ ਤੋਂ ਇਲਾਵਾ  ਹੋਰ ਵੀ ਹਾਜ਼ਰ ਸਨ।