5 Dariya News

ਰਾਏਕੋਟ ਬਲਾਕ ਦਫਤਰ 'ਚ ਕੋਵਿਡ ਟੀਕਾਕਰਨ ਕੈਂਪ ਦੀ ਸੁਰੂਆਤ

ਕੋਵਿਡ ਟੀਕਾਕਰਨ ਲਈ ਪੰਚਾਇਤਾਂ ਮੋਹਰੀ ਰੋਲ ਅਦਾ ਕਰਨ - ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

5 Dariya News

ਰਾਏਕੋਟ 10-Apr-2021

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ ਅੱਜ ਰਾਏਕੋਟ ਬਲਾਕ ਦਫਤਰ ਦੀ ਨਵੀਂ ਬਣੀ ਇਮਾਰਤ ਵਿੱਚ ਬੀ.ਡੀ.ਪੀ.ਓ. ਮੈਡਮ ਰੁਪਿੰਦਰਜੀਤ ਕੌਰ ਦੀ ਅਗਵਾਈ 'ਚ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਲਾਕ ਰਾਏਕੋਟ ਦੇ ਪਿੰਡਾਂ ਦੇ ਪੰਚਾ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੇ ਵੈਕਸੀਨੇਸ਼ਨ ਕਰਵਾਈ।ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਵੱਲੋਂ ਉਚੇਚੇ ਤੌਰ 'ਤੇ ਸਮਾਗਮ ਵਿੱਚ ਸ਼ਿਰਕਤ ਕੀਤੀ।ਬਲਾਕ ਦਫਤਰ ਪੁੱਜਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਦਾ ਸਵਾਗਤ ਐਸ.ਡੀ.ਐਮ. ਡਾ.ਹਿਮਾਂਸ਼ੂ ਗੁਪਤਾ ਅਤੇ ਬੀ.ਡੀ.ਪੀ.ਓ. ਮੈਡਮ ਰੁਪਿੰਦਰਜੀਤ ਕੌਰ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਦੀ ਮੌਜ਼ੂਦਗੀ ਵਿੱਚ ਬੀ.ਡੀ.ਪੀ.ਓ ਮੈਡਮ ਰੁਪਿੰਦਰਜੀਤ ਕੌਰ ਨੇ ਕੋਵਿਡ ਰੋਕੂ ਟੀਕਾ ਲਗਾ ਕੇ ਕੈਂਪ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਰੱਖੇ ਗਏ ਇਕ ਸੰਖੇਪ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾਂ ਨੇ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਇਸ ਦੀ ਲੜੀ ਤੋੜਨਾ ਬੇਹੱਦ ਜ਼ਰੂਰੀ ਹੈ, ਜਿਸ ਦੇ ਲਈ ਸਰਕਾਰ ਵਲੋਂ ਟੀਕਾਕਰਨ ਮੁੰਿਹਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦਾ ਮੁਕਾਬਲਾ ਅਸੀ ਸਾਰਿਆਂ ਨੇ ਰਲ ਮਿਲ ਕੇ ਕੀਤਾ ਹੈ, ਪ੍ਰੰਤੂ ਕੋਰੋਨਾ ਦੀ ਦੂਜੀ ਲਹਿਰ ਉਮੀਦ ਨਾਲੋਂ ਵੱਧ ਖਤਰਨਾਕ ਸਿੱਧ ਹੋ ਰਹੀ ਹੈ। ਜਿਸ ਲਈ ਸਰਕਾਰ ਨੇ 45 ਸਾਲ ਤੋਂ ਉੱਪਰ ਵਾਲੇ ਹਰੇਕ ਵਿਅਕਤੀ ਅਤੇ ਫਰੰਟ ਲਾਈਨ ਵਰਕਰਾਂ ਦੇ ਟੀਕੇ ਲਗਾਉਣ ਦੀ ਮੁਹਿੰਮ ਵਿੱਢੀ ਹੈ, ਪ੍ਰੰਤੂ ਕੁਝ ਲੋਕ ਟੀਕਾ ਲਗਵਾਉਣ ਵਿੱਚ ਝਿੱਝਕ ਮਹਿਸੂਸ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਮੋਹਤਬਰ ਵਿਅਕਤੀ ਖੁਦ ਅੱਗੇ ਆ ਕੇ ਟੀਕਾ ਲਗਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨਾ ਆਸਾਨ ਹੋਵੇਗਾ। ਉਨ੍ਹਾਂ ਪੰਚਾਇਤਾਂ ਨੂੰ ਆਮ ਲੋਕਾਂ ਵਿੱਚ ਜਾਗਰੁਕਤਾ ਫੈਲਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਟੀਕਾ ਸਾਡੇ ਲਈ ਇਕ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ, ਇਸ ਲਈ ਸਾਨੂੰ ਬੇਝਿੱਝਕ ਹੋ ਕੇ ਇਹ ਟੀਕਾ ਲਗਵਾਉਣਾ ਚਾਹੀਦਾ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਸ਼ਵਮੋਹਨ ਨੇ ਕਿਹਾ ਕਿ ਕੋਰੋਨਾ ਇਕ ਖਤਰਨਾਕ ਵਿਸ਼ਾਣੂ ਹੈ, ਜਿਸ ਦਾ ਟਾਕਰਾ ਸਾਡਾ ਸ਼ਰੀਰ ਤਾਂ ਹੀ ਕਰ ਸਕਦਾ ਹੈ ਜਦ ਸਾਡੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੋਵਿਡ ਰੋਕੂ ਟੀਕਾ ਸਾਡੇ ਸ਼ਰੀਰ ਵਿੱਚ ਕੋਰੋਨਾ ਵਿਸ਼ਾਣੂ ਨਾਲ ਟਾਕਰਾ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਸ ਲਈ ਹਰੋਕ ਯੋਗ ਵਿਅਕਤੀ ਨੂੰ ਬਿਨ੍ਹਾਂ ਕਿਸੇ ਡਰ ਭੈਅ ਦੇ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਸਮਾਗਮ ਦੇ ਅੰਤ 'ਚ ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ ਅਤੇ ਬੀ.ਡੀ.ਪੀ.ਓ ਮੈਡਮ ਰੁਪਿੰਦਰਜੀਤ ਕੌਰ ਨੇ ਡਿਪਟੀ ਕਮਿਸ਼ਨਰ ਸ਼ਰਮਾਂ ਨੂੰ ਭਰੋਸਾ ਦਵਾਇਆ ਕਿ ਉਹ ਰਾਏਕੋਟ ਬਲਾਕ ਵਿੱਚ ਵੱਧ ਤੋਂ ਵੱਧ ਟੀਕਾਕਰਨ ਕਰਵਾਉਣਗੇ।ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਚੇਅਰੈਮਨ ਸੁਖਪਾਲ ਸਿੰਘ ਗੋਂਦਵਾਲ, ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ, ਐਸ.ਐਮ.ਓ ਸੁਧਾਰ ਡਾ. ਹਰਪ੍ਰੀਤ ਸਿੰਘ, ਡਾ. ਸੰਦੀਪ ਕੌਰ, ਡੀ.ਡੀ.ਪੀ.ਓ ਸੰਦੀਪ ਸ਼ਰਮਾਂ, ਸਹਾਇਕ ਰਜਿਸਟਰਾਰ ਕਮਲਜੀਤ ਸਿੰਘ ਮਾਂਗਟ, ਜਗਤਾਰ ਸਿੰਘ ਰਾਜੋਆਣਾ, ਸਰਪੰਚ ਦਰਸ਼ਨ ਸਿੰਘ ਮਾਨ, ਸਰਪੰਚ ਮੇਜਰ ਸਿੰਘ ਧੂਰਕੋਟ, ਸਰਪੰਚ ਜਗਦੇਵ ਸਿੰਘ ਚੀਮਾ, ਸਰਪੰਚ ਸ੍ਰੀਮਤੀ ਭੁਪਿੰਦਰ ਕੌਰ, ਸਰਪੰਚ ਜਸਪ੍ਰੀਤ ਸਿੰਘ, ਸਰਪੰਚ ਕੇਵਲ ਸਿੰਘ ਬਰ੍ਹਮੀ, ਸੰਦੀਪ ਸਿੰਘ ਸਿੱਧੂ, ਸਰਪੰਚ ਬੀਰਦਵਿੰਦਰ ਸਿੰਘ, ਸਰਪੰਚ ਸ੍ਰੀਮਤੀ ਹਰਬੰਸ ਕੌਰ, ਸਰਪੰਚ ਸ੍ਰੀਮਤੀ ਦਵਿੰਦਰ ਕੌਰ, ਸਰਪੰਚ ਬਲਜੀਤ ਕੌਰ ਭੈਣੀ ਦਰੇੜਾਂ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਹੋਰ ਕਈ ਪੰਚ-ਸਰਪੰਚ ਮੌਜ਼ੂਦ ਸਨ।