5 Dariya News

ਕੋਰੋਨਾ ਸੰਕਟ ਦੇ ਬਾਵਜੂਦ ਮਗਨਰੇਗਾ ਵਰਕਰਾਂ ਨੂੰ ਸਭ ਤੋਂ ਵੱਧ ਦਿਹਾੜੀਆਂ ਦੇਣ ਪੱਖੋਂ ਜਿ਼ਲ੍ਹੇ ਦਾ ਬਣਿਆ ਰਿਕਾਰਡ

5 Dariya News

ਮਾਨਸਾ 07-Apr-2021

ਜਿ਼ਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਜਿੱਥੇ ਸਾਲ 2020-21 ਦੌਰਾਨ ਸਰਕਾਰ ਵੱਲੋਂ ਦਿੱਤੇ ਗਏ ਟਿੱਚਿਆਂ ਨੂੰ ਪੂਰਾ ਕੀਤਾ ਗਿਆ ਹੈ, ਉੱਥੇ ਹੀ ਜਿ਼ਲ੍ਹੇ ਵਿੱਚ ਮਗਨਰੇਗਾ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ ਸਭ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।ਇਸ ਨਾਲ ਮਗਨਰੇਗਾ ਸਕੀਮ ਅਧੀਨ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਲਈ ਇੱਕ ਵੱਡੀ ਵਿੱਤੀ ਸਹਾਇਤਾ ਦੇ ਤੌਰ ਤੇ ਉਭਰ ਕੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਰਾਜ ਸਰਕਾਰ ਵੱਲੋਂ 14,00,000 ਦਿਹਾੜੀਆਂ ਪੈਦਾ ਕਰਨ ਦਾ ਟਿੱਚਾ ਦਿੱਤਾ ਗਿਆ ਸੀ, ਜਿਸ ਤਹਿਤ 16,25,455 ਦਿਹਾੜੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਗਨਰੇਗਾ ਸਕੀਮ ਅਧੀਨ 49.23 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜੋ ਕਿ ਜਿ਼ਲ੍ਹੇ ਦਾ ਆਪਣੇ ਆਪ ਵਿੱਚ ਇੱਕ ਵਿੱਤੀ ਵਰ੍ਹੇ ਦੌਰਾਨ ਸਭ ਤੋਂ ਵੱਧ ਦਿਹਾੜੀਆਂ ਅਤੇ ਖਰਚ ਦਾ ਰਿਕਾਰਡ ਹੈ।ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਕੁੱਲ 41083 ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ਵਿੱਚੋਂ 1632 ਪਰਿਵਾਰਾਂ ਨੂੰ 100 ਦਿਨਾਂ ਦਾ ਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ 12829 ਪਰਿਵਾਰਾਂ ਨੂੰ 50 ਦਿਨਾਂ ਤੋਂ ਵੱਧ ਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ।ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਵਿੱਤੀ ਸਾਲ 2020-21 ਦੌਰਾਨ 90 ਪਾਰਕ, 35 ਖੇਡ ਮੈਦਾਨ, 191 ਸੋਕ ਪਿੱਟ, 87 ਨੰਡੇਪ ਕੰਪੋਸਟ ਪਿੱਟ, 9 ਸੋਲਿਡ ਵੇਸਟ ਮੈਨੇਜਮੈਂਟ, 19 ਨਿਊਟਰੀਸ਼ਨ ਗਾਰਡਨ, 27 ਕੰਮ ਛੱਪੜਾਂ ਦੇ ਨਵੀਨੀਕਰਨ ਸਬੰਧੀ, 144.3 ਹੈਕਟੇਅਰ ਵਿੱਚ ਰੋਡ ਸਾਈਡ ਪਲਾਂਟੇਸ਼ਨ ਅਤੇ 496 ਕੰਮ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਨਾਲ ਜਿੱਥੇ ਲਾਭਪਾਤਰੀਆਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ, ਇਸ ਦੇ ਨਾਲ-ਨਾਲ ਸੰਪਤੀਆਂ ਦੀ ਉਸਾਰੀ ਵੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਮੂਹ ਮਗਨਰੇਗਾ ਸਟਾਫ ਦੀ ਮਿਹਨਤ ਸਦਕਾ ਟਿੱਚੇ ਪੂਰੇ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਸਮੂਹ ਮਗਨਰੇਗਾ ਸਟਾਫ ਨੂੰ ਹਦਾਇਤ ਵੀ ਕੀਤੀ ਗਈ ਕਿ ਵਿੱਤੀ ਸਾਲ 2021-22 ਦੌਰਾਨ ਵੀ ਪੂਰੇ ਉਤਸ਼ਾਹ ਨਾਲ ਕੰਮ ਕੀਤਾ ਜਾਵੇ ਅਤੇ ਟਿੱਚਿਆਂ ਅਨੁਸਾਰ ਪ੍ਰਗਤੀ ਦਿਖਾਈ ਜਾਵੇ, ਤਾਂ ਜੋ ਵੱਧ ਤੋਂ ਵੱਧ ਲਾਭਪਾਰਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।