ਜ਼ਿਲ੍ਹਾ ਪੁਲਿਸ ਮੁਖੀ ਨੇ ਕੀਤਾ ‘ਪ੍ਰਾਜੈਕਟ ਪਹਿਲ’ ਲਾਂਚ
ਜ਼ਿਲਾ ਵਾਸੀ ਘਰ ਬੈਠੇ ਵੱਟਸਐਪ ’ਤੇ ਦਰਜ਼ ਕਰਾ ਸਕਣਗੇ ਸ਼ਿਕਾਇਤ-ਐਸ.ਐਸ.ਪੀ
5 Dariya News
ਸੰਗਰੂਰ 06-Apr-2021
ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕਰਦਿਆਂ ‘ਪ੍ਰਾਜੈਕਟ ਪਹਿਲ’ ਲਾਂਚ ਕੀਤਾ ਗਿਆ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਪੁਲਿਸ ਲਾਈਨ ਸੰਗਰੂਰ ਤੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਕੀਤੀ।ਸ੍ਰੀ ਵਿਵੇਕਸ਼ੀਲ ਸੋਨੀ ਨੇ ਪਹਿਲ ਪ੍ਰੋਜੈਕਟ ਪਹਿਲ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਕੋਈ ਵੀ ਪ੍ਰਾਰਥੀ ਘਰ ਬੈਠੇ ਹੀ ਆਪਣੀ ਸ਼ਿਕਾਇਤ (ਦੁੱਖ ਤਕਲੀਫਾਂ) ਸਬੰਧੀ ਵੱਟਸਐਪ ਰਾਹੀਂ ਵੀਡੀਓ ਕਾਲ ਕਰਕੇ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੇ ਸਨਮੁੱਖ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਜੈਕਟ ਸਬੰਧੀ ਵੱਟਸਐਪ ਨੰਬਰ 8054-112-112 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਜੈਕਟ ਰਾਹੀਂ ਸਿਰਫ ਗੈਰ ਸੰਕਟਕਾਲੀਨ ਕਿਸਮ (Non Emergent Nature) ਦੀਆਂ ਦਰਖਾਸਤਾਂ ਹੀ ਲਈਆਂ ਜਾਣਗੀਆਂ। ਸ੍ਰੀ ਵਿਵੇਕਸ਼ੀਲ ਨੇ ਕਿਹਾ ਕਿ ਪ੍ਰਾਰਥੀ ਨੂੰ ਦਫਤਰ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਆਉਣ ਦੀ ਜਰੂਰਤ ਨਹੀ ਹੋਵੇਗੀ ਬਲਕਿ ਵੱਟਸਐਪ ਰਾਹੀਂ ਹੀ ਆਪਣੀ ਦਰਖਾਸਤ ਅਤੇ ਸਬੰਧਤ ਕਾਗਜਾਤ ਦੀ ਸਾਫ ਅਤੇ ਪੜਨਯੋਗ ਫੋਟੋ ਭੇਜ ਕੇ ਵੱਟਸਐਪ ਨੰਬਰ 8054-112-112 ’ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦੀ ਸੁਣਵਾਈ 24 ਘੰਟਿਆਂ ਦੇ ਅੰਦਰ-ਅੰਦਰ ਵੀਡੀਓ ਕਾਲ ਰਾਹੀਂ ਕੀਤੀ ਜਾਵੇਗੀ।ਉਨ੍ਹਾ ਕਿਹਾ ਕਿ ਜ਼ਿਲ੍ਰਾ ਵਾਸੀ ਲੋਕ ਸਿਕਾਇਤ ਦਰਜ਼ ਕਰਨ ਲਈ ਦਿੱਤੇ ਵੱਟਸਐਪ ਨੰਬਰ ’ਤੇ ਕਾਲ ਕਰ ਸਕਣਗੇ। ਜਿਸ ਦੀ ਸੁਣਵਾਈ ਹਰ ਰੋਜ ਦੁਪਹਿਰ 12 ਵਜੇ ਤੋਂ 02 ਵਜੇ ਤੱਕ ਨਿਵਾਰਨ ਅਫਸਰ ਵੱਲੋਂ ਵੀਡੀਓ ਕਾਲ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਿਕਾਇਤਕਰਤਾ ਆਪਣੀ ਸਹੂਲਤ ਲਈ ਉਪਰੋਕਤ ਸਮੇਂ ਵਿੱਚ ਬਦਲਾਅ ਕਰ ਸਕੇਗਾ।