ਪੰਜਾਬ ਸਰਕਾਰ ਵੱਲੋਂ ਨਵੀਂ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਦਾ ਮੋਹਾਲੀ ਵਿਖੇ ਉਦਘਾਟਨ
ਸੂਬੇ ਦੇ ਵਸਨੀਕਾਂ ਨੂੰ 100 ਫ਼ੀਸਦੀ ਪਾਈਪ ਅਧਾਰਤ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਨੂੰ ਬਣਾਏਗੀ ਯਕੀਨੀ
5 Dariya News
ਐਸ.ਏ.ਐਸ. ਨਗਰ (ਮੁਹਾਲੀ) 01-Apr-2021
ਸੂਬੇ ਦੇ ਵਸਨੀਕਾਂ ਨੂੰ 100 ਫ਼ੀਸਦੀ ਪਾਈਪ ਅਧਾਰਤ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੇ ਮੱਦੇਨਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਅੱਜ ਵਾਟਰ ਵਰਕਸ ਕੰਪਲੈਕਸ ਫੇਜ਼ -2 ਵਿਖੇ ਨਵੀਂ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਲੈਬਾਰਟਰੀ ਦਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਦੀ ਤਰਫੋਂ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੀਤਾ।ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਇੱਥੋਂ ਜਾਰੀ ਇਕ ਸੰਦੇਸ਼ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮਿਸ਼ਨ ਤਹਿਤ ਲੋਕਾਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ ਜਿਸਦਾ ਉਦੇਸ਼ ਮਾਰਚ 2022 ਤੱਕ 100 ਫ਼ੀਸਦੀ ਪਾਈਪ ਅਧਾਰਤ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੀ ਪੇਂਡੂ ਵਸੋਂ ਨੂੰ ਮੁਹੱਈਆ ਕਰਵਾਏ ਜਾ ਰਹੇ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਦ੍ਰਿੜ ਸੰਕਲਪ ਦੀ ਪੂਰਤੀ ਕਰੇਗੀ। ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਇਹ ਲੈਬਰਾਟਰੀ ਅਲਟਰਾ ਵਾਇਲਟ (ਯੂਵੀ) - ਵਿਜ਼ੀਬਲ ਸਪੈਕਟ੍ਰੋਫੋਟੋਮੀਟਰ, ਆਇਨ ਮੀਟਰ, ਬੀਓਡੀ ਇੰਕਯੂਬੇਟਰ, ਸੀਓਡੀ ਡਾਈਜੈਸਟਰ, ਟਰਬਿਡੀਟੀ ਮੀਟਰ ਅਤੇ ਹੋਰ ਪੀਣ ਵਾਲੇ ਪਾਣੀ ਦੇ 18 ਕੈਮੀਕਲ ਮਾਪਦੰਡਾਂ ਦੀ ਜਾਂਚ ਕਰਨ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਹੈ।
ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੇਂਡੂ ਜਲ ਸਪਲਾਈ ਸਰੋਤਾਂ ਦੀ ਨਿਯਮਤ ਨਿਗਰਾਨੀ ਅਤੇ ਸਰਵੇਖਣ ਤੋਂ ਇਲਾਵਾ ਇਹ ਲੈਬਾਰਟਰੀ ਸਰਕਾਰ ਵੱਲੋਂ ਨਿਰਧਾਰਤ ਮਾਮੂਲੀ ਖਰਚਿਆਂ `ਤੇ ਜਨਤਕ ਅਤੇ ਹੋਰ ਵਿਭਾਗਾਂ/ਸੰਸਥਾਵਾਂ ਲਈ ਵੀ ਖੁੱਲ੍ਹੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਲੈਬਾਰਟਰੀ ਮੁੱਖ ਤੌਰ ‘ਤੇ ਐਸ.ਏ.ਐਸ.ਨਗਰ, ਰੂਪਨਗਰ ਅਤੇ ਐਸ.ਬੀ.ਐਸ.ਨਗਰ ਜ਼ਿਲ੍ਹਿਆਂ ਦੀਆਂ ਲੋੜਾਂ ਦੀ ਪੂਰਤੀ ਕਰੇਗੀ। ਸ੍ਰੀਮਤੀ ਸੁਲਤਾਨਾ ਨੇ ਅੱਗੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਐਸ.ਏ.ਐੱਸ. ਨਗਰ ਵਿਖੇ ਇਕ ਸਟੇਟ ਲੈਬ, ਛੇ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਜ਼ ਅਤੇ 24 ਸਬ ਯੂਨਿਟ ਲੈਬਾਂ `ਤੇ ਅਧਾਰਤ ਵਾਟਰ ਟੈਸਟਿੰਗ ਲੈਬਾਰਟਰੀਆਂ ਦਾ ਤਿੰਨ ਪੱਧਰੀ ਨੈਟਵਰਕ ਸਥਾਪਤ ਕਰਨ ਦੀ ਯੋਜਨਾ ਉਲੀਕੀ ਹੈ।ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ਵਿਚੋਂ ਸਟੇਟ ਲੈਬ ਐਸ.ਏ.ਐਸ.ਨਗਰ ਅਤੇ ਪਟਿਆਲਾ ਦੀ ਹਾਈ- ਟੈਕ ਮਲਟੀ ਡਿਸਟ੍ਰਿਕਟ ਲੈਬ ਪਹਿਲਾਂ ਹੀ ਐਨ.ਏ.ਬੀ.ਐਲ. ਤੋਂ ਪ੍ਰਵਾਨਿਤ ਹਨ ਜਦਕਿ ਬਾਕੀ ਪੰਜ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਨੂੰ ਜੂਨ 2021 ਤੱਕ ਪ੍ਰਵਾਨਗੀ ਮਿਲ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੂਨ 2021 ਤੱਕ 24 ਸਬ-ਯੂਨਿਟ ਲੈਬਾਂ ਦਾ 11 ਬੁਨਿਆਦੀ ਮਾਪਦੰਡਾਂ ਦੇ ਅਧਾਰ ’ਤੇ ਮਜਬੂਤੀਕਰਨ ਕੀਤਾ ਜਾਵੇਗਾ ਅਤੇ 15 ਅਗਸਤ 2021 ਤੱਕ ਐਨ.ਏ.ਬੀ.ਐਲ. ਤੋਂ ਮਾਨਤਾ ਪ੍ਰਾਪਤ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਚੰਗੀ ਗੁਣਵੱਤਾ ਦਾ ਲੈਬ ਨੈਟਵਰਕ ਸਥਾਪਤ ਕਰਨ ਲਈ ਵਿਭਾਗ ਨੇ ਚੀਫ ਕੈਮਿਸਟ/ਸੀਨੀਅਰ ਕੈਮਿਸਟ/ਮਾਈਕ੍ਰੋਬਾਇਓਲੋਜਿਸਟ/ਕੈਮਿਸਟ ਦੀਆਂ ਅਸਾਮੀਆਂ ਨੂੰ ਮਨਜੂਰੀ ਦੇ ਦਿੱਤੀ ਹੈ।ਕਾਬਿਲੇਗੌਰ ਹੈ ਕਿ ਇਨ੍ਹਾਂ ਲੈਬਾਂ ਦੇ ਪ੍ਰਬੰਧਨ ਲਈ ਉੱਚ ਯੋਗਤਾ ਪ੍ਰਾਪਤ ਸਟਾਫ ਦੀ ਭਰਤੀ ਕੀਤੀ ਗਈ ਹੈ।ਚੁਣੇ ਗਏ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਜਿਨ੍ਹਾਂ ਵਿੱਚ ਤਿੰਨ ਸੀਨੀਅਰ ਕੈਮਿਸਟ, ਛੇ ਮਾਈਕਰੋਬਾਇਓਲਾਜਿਸਟ ਅਤੇ ਸੱਤ ਕੈਮਿਸਟ ਸ਼ਾਮਲ ਹਨ ਤਾਂ ਜੋ ਸਟੇਟ ਵਾਟਰ ਟੈਸਟਿੰਗ ਲੈਬਾਰਟਰੀ ਅਤੇ ਛੇ ਮਲਟੀ ਡਿਸਟ੍ਰਿਕਟ ਲੈਬਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਵਿਭਾਗ ਦੇ ਮੁਖੀ ਅਮਿਤ ਤਲਵਾੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।