5 Dariya News

ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ-ਡਾ. ਸ਼ੇਨਾ ਅਗਰਵਾਲ

ਨਵਾਂਸ਼ਹਿਰ ਤੋਂ ਬੱਸਾਂ ਨੂੰ ਝੰਡੀ ਦੇ ਕੇ ਕੀਤਾ ਮੁਫ਼ਤ ਬੱਸ ਸਫ਼ਰ ਦਾ ਰਸਮੀ ਤੌਰ ’ਤੇ ਆਗਾਜ਼

5 Dariya News

ਨਵਾਂਸ਼ਹਿਰ 01-Apr-2021

ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਕਰਨ ਦੀ ਸਹੂਲਤ ਪ੍ਰਦਾਨ ਕਰਨਾ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ, ਜਿਸ ਨਾਲ ਔਰਤਾਂ ਜਿਥੇ ਆਰਥਿਕ ਤੌਰ ’ਤੇ ਮਜ਼ਬੂਤ ਹੋਣਗੀਆਂ, ਉਥੇ ਉਨਾਂ ਨੂੰ ਸੁਰੱਖਿਅਤ ਸਫ਼ਰ ਦੀ ਸੁਵਿਧਾ ਵੀ ਮੁਹੱਈਆ ਹੋਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਐਸ. ਐਸ. ਪੀ ਅਲਕਾ ਮੀਨਾ ਅਤੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਦੀ ਮੌਜੂਦਗੀ ਵਿਚ ਬੱਸ ਸਟੈਂਡ ਨਵਾਂਸ਼ਹਿਰ ਤੋਂ ਇਸ ਯੋਜਨਾ ਦਾ ਆਗਾਜ਼ ਕਰਦਿਆਂ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਹੁਣ ਸਾਰੀਆਂ ਔਰਤਾਂ, ਚਾਹੇ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਵੀ ਯੋਗ ਸ਼ਨਾਖ਼ਤੀ ਕਾਰਡ ਦਿਖਾ ਕੇ ਸੂਬੇ ਅੰਦਰ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਔਰਤਾਂ ਖਿਲਾਫ਼ ਜੁਰਮ ਨੂੰ ਰੋਕਣ ਲਈ ਉਨਾਂ ਦੀ ਸੁਰੱਖਿਆ ਲਈ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟ੍ਰੈਕਿੰਗ ਲਈ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਜੀ. ਪੀ. ਐਸ ਸਿਸਟਮ ਲਗਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਤ ਲਈ ਪੈਨਿਕ ਬਟਨ ਵੀ ਹੋਵੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ ਤੋਂ ਸੂਬਾ ਪੱਧਰ ’ਤੇ ਮੁਫ਼ਤ ਸਫ਼ਰ ਸਹੂਲਤ ਦੇ ਵਰਚੁਅਲ ਤੌਰ ’ਤੇ ਕੀਤੇ ਆਗਾਜ਼ ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਨੇ ਹੋਰਨਾਂ ਸ਼ਖਸੀਅਤਾਂ ਅਤੇ ਅਧਿਕਾਰੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਆਨਲਾਈਨ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀ ਸਾਹਿਬਾਨ ਦੇ ਵਿਚਾਰ ਸੁਣੇ।ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ, ਐਮ. ਸੀ ਸਚਿਨ ਦੀਵਾਨ, ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਜੀ. ਐਮ ਇੰਜ. ਸਰਬਜੀਤ ਸਿੰਘ ਖੋਖਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਸੀ. ਡੀ. ਪੀ. ਓ ਬਲਾਚੌਰ ਪੰਕਜ ਸ਼ਰਮਾ, ਸੀ. ਡੀ. ਪੀ. ਓ ਸੜੋਆ ਜਸਵਿੰਦਰ ਕੌਰ, ਸਟੇਸ਼ਨ ਸੁਪਰਡੈਂਟ ਗੁਰਨਾਮ ਸਿੰਘ, ਸਹਾਇਕ ਮਕੈਨੀਕਲ ਇੰਜੀਨੀਅਰ ਗੁਰਤੇਜ ਸਿੰਘ, ਸੁਪਰਡੈਂਟ ਨਿਰਮਲਾ ਦੇਵੀ, ਸਖੀ ਵੱਨ ਸਟਾਪ ਤੋਂ ਦੀਪ ਸ਼ਿਖਾ ਤੇ ਅਮਨਦੀਪ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।