ਮੁੱਖ ਮੰਤਰੀ ਬਾਦਲ ਕਰਨਗੇ ਟੈਕਨੀਕਲ ਐਜੁਕੇਸ਼ਨ ਐਂਡ ਸਕਿਲ ਡਿਵਲਪਮੈਂਟ ਸਮਿਟ ਦਾ ਉਦਘਾਟਨ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 07-Feb-2014
ਪੰਜਾਬ ਸਰਕਾਰ, ਪੀ.ਟੀ.ਯੂ. ਅਤੇ ਪੁਟੀਆ ਵਲੋਂ ਸਾਂਝੇ ਤੌਰ ਤੇ ਸ਼ਨੀਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਟੈਕਨੀਕਲ ਐਜੁਕੇਸ਼ਨ ਐਂਡ ਸਕਿਲ ਡਿਵਲਪਮੈਂਟ ਸਮਿਟ ਦੀ ਸਾਰੀ ਤਿਆਰੀਆਂ ਪੂਰੀ ਹੋ ਚੁੱਕੀ ਹਨ।ਪੁਟੀਆ ਦੇ ਕਨਵੀਨਰ ਅਤੇ ਆਰੀਅਨਜ਼ ਗਰੁੱਪ ਆਫ ਕਾਲਜ ਦੇ ਚੇਅਰਮੈਨ ਅੰਸ਼ੂ ਕਟਾਰੀਆ ਨੇ ਅੱਜ ਇਥੇ ਜਾਰੀ ਜਾਣਕਾਰੀ ਵਿੱਚ ਦੱਸਿਆ ਕਿ ਸਮਿਟ ਵਿੱਚ ਸਵੇਰ ਦੇ ਸ਼ੈਸ਼ਨ ਦਾ ਪ੍ਰੋਗਰਾਮ ਮੁਹਾਲੀ ਦੇ ਸੈਕਟਰ-78 ਸਥਿਤ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਕੀਤਾ ਜਾਵੇਗਾ, ਜਦੋਂਕਿ ਦੂਜਾ ਸੈਸ਼ਨ ਸੈਕਟਰ-81 ਵਿਖੇ ਸਥਿਤ ਇੰਡੀਅਨ ਬਿਜਨਸ ਸਕੂਲ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤਾ ਜਾਵੇਗਾ ਜਦੋਂਕਿ ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਮਦਨ ਮੋਹਨ ਮਿੱਤਲ ਸਮਾਗਮ ਦੀ ਪ੍ਰਧਾਨਗੀ ਕਰਨਗੇ।ਪ੍ਰੋਗਰਾਮ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਪੀ.ਟੀ.ਯੂ. ਦੇ ਚੇਅਰਮੈਨ ਰਜਨੀਸ਼ ਅਰੋੜਾ ਨੇ ਪੁਟੀਆ ਦੇ ਔਹਦੇਦਾਰਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਪੁਟੀਆ ਦੇ ਪ੍ਰਧਾਨ ਡਾੱ.ਜੇ.ਐਸ. ਧਾਲੀਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਦੋਆਬਾ ਗਰੁੱਪ ਦੇ ਚੇਅਰਮੈਨ ਮਨਜੀਤ ਸਿੰਘ, ਸ੍ਰੀ ਸਾਂਈ ਗਰੁੱਪ ਦੇ ਚੇਅਰਮੈਨ ਨਰੇਸ਼ ਨਾਗਪਾਲ, ਆਰੀਅਨਜ਼ ਗਰੁੱਪ ਆਫ ਕਾਲਜਿਜ ਦੇ ਚੇਅਰਮੈਨ ਅਤੇ ਪੁਟੀਆ ਦੇ ਕਨਵੀਨਰ ਅੰਸ਼ੂ ਕਟਾਰੀਆ ਅਤੇ ਤੇਜਿੰਦਰ ਪਾਲ ਸਿੰਘ ਸੰਧੂ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਹੋਏ ਕਾਲਜਾਂ ਦੇ ਚੇਅਰਮੈਨਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸੰਮੇਲਨ ਵਿੱਚ ਸੂਬੇ ਦੇ ਕਰੀਬ 400 ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਪੰਜਾਬ ਦੇ ਇਤਹਾਸ ਚ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਸਰਕਾਰ, ਪੀਟੀਯੂ, ਨਿਜੀ ਯੂਨੀਵਰਸਿਟੀਆਂ ਅਤੇ ਕਾਲਜ ਇੱਕ ਸਟੇਜ ਤੇ ਆਕੇ ਸਮਾਗਮ ਦਾ ਆਯੋਜਨ ਕਰਨ ਜਾ ਰਹੇ ਹਨ।