ਐਸ ਐਸ ਪੀ ਦਫਤਰ ਮੋਗਾ ਵਿਖੇ 'ਸੀ ਐਸ ਡੀ ਕੰਟੀਨ' ਸ਼ੁਰੂ
ਹਰ ਕੋਈ ਛੂਟ ਵਾਲੀਆਂ ਦਰਾਂ ਅਤੇ ਗੁਣਵੱਤਾ ਵਾਲੇ ਉਤਪਾਦਾਂ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ
5 Dariya News
ਮੋਗਾ 30-Mar-2021
ਹਰਮਨਬੀਰ ਸਿੰਘ ਗਿੱਲ, ਸੀਨੀਅਰ ਪੁਲਿਸ ਕਪਤਾਨ ਮੋਗਾ ਨੇ ਅੱਜ ਆਪਣੇ ਦਫਤਰ ਵਿਖੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਸੀ ਐਸ ਡੀ ਕੰਟੀਨ ਦਾ ਉਦਘਾਟਨ ਕੀਤਾ, ਜਿਥੋਂ ਕਿ ਲੋਕ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਾਜਬ ਰੇਟਾਂ 'ਤੇ ਖਰੀਦ ਸਕਦੇ ਹਨ।ਉਦਘਾਟਨੀ ਸਮਾਰੋਹ ਦੌਰਾਨ ਸ੍ ਗਿੱਲ ਨੇ ਦੱਸਿਆ ਕਿ ਇਸ ਕੰਟੀਨ ਨੂੰ ਖੋਲ੍ਹਣ ਦਾ ਮੁੱਖ ਉਦੇਸ਼ ਪੁਲਿਸ ਮੁਲਾਜ਼ਮਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਵਾਜਬ ਰੇਟਾਂ ਤੇ ਕਰਿਆਨਾ ਅਤੇ ਹੋਰ ਸਮਾਨ ਮੁਹੱਈਆ ਕਰਵਾਉਣਾ ਹੈ। ਕੁਆਲਟੀ ਦੇ ਘਰੇਲੂ ਉਤਪਾਦ ਇਸ ਕੰਟੀਨ ਵਿਚ ਸਸਤੀਆਂ ਦਰਾਂ ਉੱਤੇ ਉਪਲਬਧ ਹਨ। ਇੱਥੇ ਗ੍ਰਾਹਕਾਂ ਨੂੰ ਵਸਤੂਆਂ 'ਤੇ ਵੱਧ ਤੋਂ ਵੱਧ ਭਾਅ ਦੀ ਛੋਟ ਮਿਲੇਗੀ। ਇਸ ਕੰਟੀਨ ਵਿਚ ਪਹਿਲਾਂ ਹੀ ਸੈਂਕੜੇ ਕਿਸਮਾਂ ਦੀਆਂ ਚੀਜ਼ਾਂ ਉਪਲਬਧ ਹਨ, ਜੋ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਵਧਾ ਦਿੱਤੀਆਂ ਜਾਣਗੀਆਂ। ਖਰੀਦਦਾਰਾਂ ਦੀ ਸਹਾਇਤਾ ਲਈ ਸਿਖਿਅਤ ਸਟਾਫ ਨੂੰ ਨਿਯੁਕਤ ਕੀਤਾ ਗਿਆ ਹੈ।ਉਹਨਾਂ ਅੱਗੇ ਦੱਸਿਆ ਕਿ ਇਹ ਕੰਟੀਨ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹੈ ਜਿਥੇ ਖਰੀਦਦਾਰ ਕੰਪਿਊਟਰਾਈਜ਼ਡ ਬਿੱਲ ਵੀ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਵੇਰਕਾ ਉਤਪਾਦ ਵੀ ਇਸ ਕੰਟੀਨ ਵਿਚ ਉਪਲਬਧ ਹੋਣਗੇ। ਇਸ ਤੋਂ ਪਹਿਲਾਂ ਇਹ ਕੰਟੀਨ ਪੁਲਿਸ ਲਾਈਨ ਮੋਗਾ ਵਿਖੇ ਸਫਲਤਾਪੂਰਵਕ ਚੱਲ ਰਹੀ ਸੀ। ਹੁਣ, ਵਧੇਰੇ ਗਾਹਕਾਂ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਇੱਥੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਚਡੀਐਫਸੀ ਬੈਂਕ ਜਲਦੀ ਹੀ ਇੱਥੇ ਆਪਣਾ ਏਟੀਐਮ ਸ਼ੁਰੂ ਕਰੇਗਾ, ਤਾਂ ਜੋ ਪੁਲਿਸ ਮੁਲਾਜ਼ਮ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਆਉਂਦੇ ਹੋਏ ਆਪਣੀਆਂ ਤਨਖਾਹਾਂ ਕਢਵਾ ਸਕਣ।ਸ੍ਰ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਆਪਣੇ ਕਰਮਚਾਰੀਆਂ ਦੀ ਭਲਾਈ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਲੋੜੀਂਦੇ ਯਤਨ ਕਰ ਰਹੀ ਹੈ। ਇਸ ਕੰਟੀਨ ਨੂੰ ਵੀ ਉਸੇ ਦਿਸ਼ਾ ਵਿਚ ਇਕ ਨਵਾਂ ਕਦਮ ਸਮਝਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਮੂਹ ਐੱਸ ਪੀਜ਼, ਡੀ ਐੱਸ ਪੀਜ਼ ਅਤੇ ਪੁਲਿਸ ਕਰਮਚਾਰੀ ਮੌਜੂਦ ਸਨ।