ਪੰਜਾਬ ਚ ਤੰਬਾਕੂ ਉਤਪਾਦਾਂ ਤੇ ਵੈਟ 60 ਤੋਂ 65 ਫ਼ੀਸਦੀ ਕੀਤਾ ਜਾਵੇ: ਨਵਜੋਤ ਕੌਰ ਸਿੱਧੂ
5 ਦਰਿਆ ਨਿਊਜ਼
ਚੰਡੀਗੜ੍ਹ 05-Feb-2014
ਪੰਜਾਬ ਸਿਹਤ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਰਾਹੀਂ ਤੰਬਾਕੂ ਉਤਪਾਦਾਂ 'ਤੇ ਵੈਟ ਵਧਾ ਕੇ 60 ਤੋਂ 65 ਫ਼ੀਸਦੀ ਕੀਤੇ ਜਾਣ ਲਈ ਕਿਹਾ ਗਿਆ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਗਲੋਬਲ ਐਡਲਟ ਟੋਬੈਕੋ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ 24 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਜਦ ਕਿ 14 ਲੱਖ ਧੂੰਆਂ ਰਹਿਤ ਤੰਬਾਕੂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਦਾ ਤੰਬਾਕੂਨੋਸ਼ੀ ਵਿਰੁਧ ਆਵਾਜ਼ ਬੁਲੰਦ ਕੀਤੀ।
ਡਾ. ਸਿੱਧੂ ਨੇ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ 2009 ਤੋਂ 2011 ਦਰਮਿਆਨ ਤੰਬਾਕੂ ਉਤਪਾਦਾਂ 'ਤੇ ਵੈਟ 12.5 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕੀਤਾ ਗਿਆ ਸੀ ਅਤੇ 2012 ਵਿੱਚ ਇਹ ਵੈਟ 50 ਫ਼ੀਸਦੀ ਤੱਕ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਵੀ ਸਿਗਰਟ 'ਤੇ ਵੈਟ 17 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕੀਤਾ ਗਿਆ ਅਤੇ ਚੱਬਣ ਵਾਲੇ ਤੰਬਾਕੂ 'ਤੇ ਇਹ 18.5 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕਰ ਦਿੱਤਾ ਗਿਆ ਹੈ। ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਪੰਜਾਬ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ, ਜਿਥੇ ਤੰਬਾਕੂ ਉਤਪਾਦਾਂ 'ਤੇ ਵੈਟ ਬਹੁਤ ਘੱਟ ਦਰ 'ਤੇ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਸੂਬੇ ਦੀ ਜਵਾਨੀ ਦੀ ਰਾਖੀ ਲਈ ਅਤੇ ਤੰਬਾਕੂ ਸੇਵਨ ਦੀ ਪ੍ਰਵਿਰਤੀ ਨੂੰ ਘਟਾਉਣ ਲਈ ਤੰਬਾਕੂ ਉਤਪਾਦਾਂ 'ਤੇ ਵੈਟ ਵਧਾਉਣਾ ਚਾਹੀਦਾ ਹੈ।