ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਲਈ ਵਰਦਾਨ : ਬਲਬੀਰ ਸਿੰਘ ਸਿੱਧੂ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਪਿੰਡ ਬਾਕਰਪੁਰ ਵਿਖੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਸਮਰਪਿਤ
5 Dariya News
ਐਸ.ਏ.ਐਸ. ਨਗਰ 25-Mar-2021
ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਦੀ ਲੜੀ ਤਹਿਤ ਅੱਜ ਸੂਬੇ ਭਰ ਵਿੱਚ 151 ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜੋ ਕਿ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਗੇ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਬਾਕਰਪੁਰ ਵਿਖੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਅਜਿਹੇ 2820 ਕੇਂਦਰ ਕਾਰਜਸ਼ੀਲ ਹਨ, ਜਿਨ੍ਹਾਂ ਜ਼ਰੀਏ ਕਰੀਬ 21,500 ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 516 ਡਿਸਪੈਂਸਰੀਆਂ ਨੂੰ ਵੀ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਦਾ ਮਿਸਾਲੀ ਵਿਕਾਸ ਕੀਤਾ ਹੈ, ਜਿਸ ਤਹਿਤ ਨਾ ਸਿਰਫ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ, ਸਗੋਂ ਵੱਖ ਵੱਖ ਸਿਹਤ ਸੇਵਾਵਾਂ ਸਬੰਧੀ ਕਰੀਬ 11 ਹਜ਼ਾਰ ਅਮਲੇ ਦੀ ਭਰਤੀ ਵੀ ਕੀਤੀ ਗਈ ਹੈ ਤੇ ਵੱਡੇ ਪੱਧਰ ਉਤੇ ਭਰਤੀ ਜਾਰੀ ਵੀ ਹੈ। ਇਸ ਨਾਲ ਜਿੱਥੇ ਸਿਹਤ ਸੇਵਾਵਾਂ ਵਿੱਚ ਸੁਧਾਰ ਆਇਆ ਹੈ, ਉਥੇ ਸਰਕਾਰ ਵੱਡੇ ਪੱਧਰ ਉਤੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਸਫ਼ਲ ਹੋਈ ਹੈ।ਸ.ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਲੋਕਾਂ ਕੋਲ ਚੰਗੀਆਂ ਸਿਹਤ ਸੇਵਾਵਾਂ ਤੇ ਚੰਗੀ ਸਿੱਖਿਆ ਹੁੰਦੀ ਹੈ, ਉਹ ਜਿ਼ੰਦਗੀ ਵਿੱਚ ਲਗਾਤਾਰ ਤਰੱਕੀ ਕਰਦੇ ਰਹਿੰਦੇ ਹਨ। ਇਹ ਸਿਹਤ ਕੇਂਦਰ ਪਿੰਡਾਂ ਦੇ ਲੋਕਾਂ ਤੇ ਖਾਸ ਕਰ ਕੇ ਪਿੰਡਾਂ ਦੀਆਂ ਔਰਤਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਬਹੁਤ ਵਾਰ ਪਿੰਡਾਂ ਦੀਆਂ ਔਰਤਾਂ ਦੂਰ ਜਾਂ ਹੋਰਨਾਂ ਥਾਵਾਂ ਵਿਖੇ ਮੌਜੂਦ ਸਿਹਤ ਸੇਵਾਵਾਂ ਦਾ ਲਾਭ ਲੈਣ ਤੋਂ ਗੁਰੇਜ਼ ਕਰ ਜਾਂਦੀਆਂ ਹਨ।
ਹੁਣ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡਾਂ ਜਾਂ ਨੇੜਲੇ ਪਿੰਡਾਂ ਵਿੱਚ ਇਨ੍ਹਾਂ ਕੇਂਦਰਾਂ ਦੇ ਰੂਪ ਵਿੱਚ ਸਿਹਤ ਸੇਵਾਵਾਂ ਮਿਲਣਗੀਆਂ ਤਾਂ ਉਹ ਇਨ੍ਹਾਂ ਸੇਵਾਵਾਂ ਦਾ ਪੂਰਨ ਲਾਭ ਲੈ ਸਕਣਗੀਆਂ। ਇਹ ਕੇਂਦਰ ਜਣੇਪੇ ਦੌਰਾਨ ਔਰਤਾਂ ਦੀ ਮੌਤ ਦਰ ਘਟਾਉਣ ਸਬੰਧੀ ਵੀ ਸਹਾਈ ਸਿੱਧ ਹੋਣਗੇ।ਇਸ ਦੇ ਨਾਲ ਨਾਲ ਪਿੰਡਾਂ ਦੇ ਲੋਕ ਜਿਹੜੇ ਦੂਰ ਜਾ ਕੇ ਆਪਣਾ ਰੂਟੀਨ ਚੈੱਕਅੱਪ ਕਰਵਾਉਣ ਤੋਂ ਗੁਰੇਜ਼ ਕਰ ਜਾਂਦੇ ਸਨ, ਉਹ ਵੀ ਇਨ੍ਹਾਂ ਕੇਂਦਰਾਂ ਜ਼ਰੀਏ ਰੂਟੀਨ ਚੈੱਕਅੱਪ ਕਰਵਾ ਕੇ ਤੰਦਰੁਸਤ ਰਹਿ ਸਕਣਗੇ।ਇਨ੍ਹਾਂ ਸਿਹਤ ਕੇਂਦਰਾਂ ਵਿੱਚ ਟੈਲੀਕੰਸਲਟੈਂਸੀ ਦੀ ਸਹੂਲਤ ਵੀ ਦਿੱਤੀ ਗਈ ਹੈ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 01 ਅਪਰੈਲ 2021 ਤੋਂ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਵੀ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਲੈ ਕੇ ਲੋਕ ਖੁਦ ਤੰਦਰੁਸਤ ਰਹਿਣ ਤੇ ਕੋਰੋਨਾ ਨੂੰ ਮਾਤ ਦੇਣ ਵਿੱਚ ਸਰਕਾਰ ਨੂੰ ਸਹਿਯੋਗ ਵੀ ਦੇਣ।ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਐਨ ਐਚ ਐਮ ਪੰਜਾਬ ਦੇ ਡਾਇਰਕੈਟਰ ਡਾ. ਅਰੀਤ ਕੌਰ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਮ.ਓ. ਡਾ.ਮਨਜੀਤ ਕੌਰ, ਆਰ.ਐਮ.ਓ. ਡਾ. ਸਿਮਰਜੀਤ ਕੌਰ, ਡਾ. ਦਲਜੀਤ ਕੌਰ ਤੇ ਡਾ. ਰਣਜੀਤ ਕੌਰ, ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਰਣਜੀਤ ਸਿੰਘ ਤੇ ਹਰੀ ਸਿੰਘ ਪੰਚ, ਪਵਿੱਤਰ ਸਿੰਘ ਨੰਬਰਦਾਰ, ਅਜੈਬ ਸਿੰਘ ਪੰਚ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਹਰਦੀਪ ਸਿੰਘ ਸਰਪੰਜ ਸਫੀਪੁਰ, ਮੰਗਲ ਸਿੰਘ ਸਰਪੰਚ, ਬਲਵਿੰਦਰ ਸਿੰਘ ਪੰਚ, ਸਤਨਾਮ ਸਿੰਘ, ਪ੍ਰਵੀਨ ਅਖਤਰ, ਸਿਮਰਪ੍ਰੀਤ ਕੌਰ ਹਾਜ਼ਰ ਸਨ।