5 Dariya News

ਪੈਟਰੋਲ ਪੰਪਾਂ ਤੇ ਹੁੰਦੀ ਲੁੱਟ ਤੋਂ ਕੌਣ ਬਚਾਵੇ

5 ਦਰਿਆ ਨਿਊਜ਼ (ਸੰਦੀਪ ਜੈਤੋ)

04-Feb-2014

ਮੌਜ਼ੂਦਾ ਦੌਰ 'ਚ ਪੈਟਰੋਲਿਅਮ ਪਦਾਰਥ ਮਨੁੱਖੀ ਜ਼ਿੰਦਗੀ 'ਚ ਪਾਣੀ ਵਾਂਗ ਮੁੱਖ ਜ਼ਰੂਰਤ ਬਣਦੇ ਜਾ ਰਹੇ ਹਨ। ਕਿਸੇ ਨਾ ਕਿਸੇ ਰੂਪ 'ਚ ਪੈਟਰਿਲਅਮ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੱਲ ਭਾਂਵੇ ਕਿਸੇ ਵੱਡੇ ਉਦਯੋਗ ਦੀ ਹੋਵੇ, ਸਕੂਟਰ, ਮੋਟਰਸਾਈਕਿਲ, ਕਾਰ, ਜੀਪ, ਬੱਸ ਟਰੱਕ, ਰੇਲ ਗੱਡੀ ਜਾਂ ਘਰ 'ਚ ਮਿੱਟੀ ਦਾ ਤੇਲ ਤੇ ਰਸੋਈ ਗੈਸ ਦੀ, ਪੈਟਰੋਲਿਅਮ ਪਦਾਰਥਾਂ ਦੀ ਜ਼ਰੂਰਤ ਹਰ ਵਰਗ ਨੂੰ ਹੈ। ਰਸੋਈ ਗੈਸ ਦੀ ਗੱਲ ਕਰੀਏ ਤਾਂ ਭਾਵੇਂ ਸਰਕਾਰ ਵੱਲੋਂ ਰਸੋਈ ਗੈਸ 'ਤੇ ਹੁਣ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ ਪਰ ਫਿਰ ਵੀ ਸਿਲੰਡਰ ਦੀ ਬਲੈਕ 'ਤੇ ਰੋਕ ਨਹੀਂ ਲੱਗ ਸਕੀ। ਤੁਸੀਂ ਕਿਸੇ ਵੀ ਕੰਪਨੀ ਦਾ ਗੈਸ ਸਿਲੰਡਰ ਬਲੈਕ 'ਚ ਖਰੀਦ ਸਕਦੇ ਹੋ। ਇਹੀ ਨਹੀਂ ਮਿੱਟੀ ਦੇ ਤੇਲ ਦੀ ਵੀ ਰੱਜ ਕੇ ਬਲੈਕ ਕੀਤੀ ਜਾਂਦੀ ਹੈ।ਪੈਟਰੋਲ ਪੰਪਾਂ ਦੀ ਜੇ ਗੱਲ ਕਰੀਏ ਤਾਂ ਹਰ ਛੋਟੇ ਤੋਂ ਛੋਟੇ ਸ਼ਹਿਰ ਤੋਂ ਬਾਅਦ ਹੁਣ ਪਿੰਡਾਂ 'ਚ ਵੀ ਲੋਕਾਂ ਦੀ ਸੁਵਿਧਾ ਲਈ ਪੈਟਰੋਲ ਪੰਪ ਖੋਲ੍ਹੇ ਜਾ ਰਹੇ ਹਨ, ਹਾਲਾਂਕਿ ਇਹ ਜ਼ਰੂਰਤਮੰਦ ਲੋਕਾਂ ਲਈ ਲਾਭਦਾਇਕ ਹਨ ਪਰ ਲਗਭਗ ਹਰ ਪੈਟਰੋਲ ਪੰਪ 'ਤੇ ਲੋਕਾਂ ਨਾਲ ਹੁੰਦੀ ਠੱਗੀ ਹੀ ਹੈ। ਕਿਸੇ ਵੀ ਪੈਟਰੋਲ ਪੰਪ ਤੋਂ ਚਾਹੇ ਤੁਸੀਂ ਡੀਜ਼ਲ ਭਰਵਾ ਲਵੋ ਜਾਂ ਪੈਟਰੋਲ, ਤੁਹਾਨੂੰ 2 ਤੋਂ 8 ਪੁਆਇੰਟ ਦਾ ਚੂਨਾ ਲੱਗੇਗਾ ਹੀ ਲੱਗੇਗਾ। ਵੱਡੇ ਸ਼ਹਿਰਾਂ 'ਚ ਬਣੇ ਪੈਟਰੋਲ ਪੰਪਾਂ 'ਤੇ ਤਾਂ ਪੈਟਰੋਲ ਭਰਵਾਉਂਦੇ ਸਮੇਂ ਲੋਕ ਹੇਰਾ ਫੇਰੀ ਦੇ ਚੱਲਦੇ ਹੱਥੋ ਪਾਈ ਵੀ ਕਰਦੇ ਹਨ ਤੇ ਮਾਮਲਾ ਪੁਲਿਸ ਸਟੇਸ਼ਨ ਤੱਕ ਵੀ ਪਹੁੰਚ ਜਾਂਦਾ ਹੈ ਪਰ ਛੋਟੇ ਸ਼ਹਿਰਾਂ 'ਚ ਲੋਕ ਜ਼ਿਆਦਾ ਜਾਗਰੂਕ ਨਾ ਹੋਣ ਕਰਕੇ ਹੇਰਾ ਫੇਰੀ ਬਾਰੇ ਜ਼ਿਆਦਾ ਪਤਾ ਨਹੀਂ ਲੱਗਦਾ।

ਮੌਜ਼ੂਦਾ ਸਮੇਂ 'ਚ ਛੋਟੇ-ਵੱਡੇ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਭਰਣ ਦੀਆਂ ਦੋ ਤਰ੍ਹਾਂ ਦੀਆਂ ਮਸ਼ੀਨਾਂ ਇੱਕ ਅਧੁਨਿਕ ਮਸ਼ੀਨ ਤੇ ਦੂਜੀ ਪੁਰਾਣੀ (ਅੰਗਰੇਜ਼ੀ ਦੇ ਸ਼ਬਦ ਜੈੱਡ ਦੀ ਸ਼ੇਪ ਵਾਲੀ)। ਕਿਸੇ ਵੀ ਪੈਟਰੋਲ ਪੰਪ 'ਤੇ ਜਦੋਂ ਤੁਸੀਂ ਪੈਟਰੋਲ ਭਰਾਉਣ ਜਾਂਦੇ ਹੋ ਤਾਂ ਤੁਹਾਨੂੰ ਸਿਫਰ (0) ਵੇਖਣ ਲਈ ਕਿਹਾ ਜਾਂਦਾ ਹੈ ਪਰ ਜੇਕਰ ਕਦੇ ਤੁਸੀਂ ਗੌਰ ਕਰੋ ਤਾਂ ਕਿਸੇ ਪੈਟਰੋਲ ਪੰਪ ਦਾ ਮੀਟਰ 2 ਪੁਆਇੰਟ ਤੇ ਕਿਸੇ ਦਾ 5 ਤੇ ਕਿਸੇ ਦਾ 10 ਤੋਂ ਵੀ ਜ਼ਿਆਦਾ ਦੀ ਸਪੀਡ 'ਤੇ ਸ਼ੁਰੂ ਹੁੰਦਾ ਹੈ। ਕਿਸੇ ਵੀ ਪੈਟਰੋਲ ਪੰਪ 'ਤੇ ਸਿਫਰ ਵੇਖਣ ਤੋਂ ਬਾਅਦ ਮੀਟਰ ਦੀ ਸਪੀਡ ਇੱਕ ਪੁਆਇੰਟ ਤੋਂ ਸ਼ੁਰੂ ਨਹੀਂ ਹੁੰਦੀ। ਜੈੱਡ ਦੀ ਸ਼ੇਪ ਵਾਲੀਆਂ ਮਸ਼ੀਨਾਂ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਮਸ਼ੀਨਾਂ ਤੋਂ ਜੇਕਰ ਤੁਸੀਂ 100 ਰੁਪਏ ਦਾ ਡੀਜ਼ਲ ਜਾਂ ਪੈਟਰੋਲ ਭਰਵਾਉਂਦੇ ਹੋ ਤਾਂ ਤੁਹਾਨੂੰ 80 ਰੁਪਏ ਦਾ ਡੀਜ਼ਲ ਤੇ ਪੈਟਰੋਲ ਹੀ ਭਰਿਆ ਜਾਵੇਗਾ, ਕਈ ਵਾਰ ਤਾਂ ਇਨ੍ਹਾਂ ਦੇ ਮੀਟਰ ਐਨੀ ਤੇਜ਼ੀ ਨਾ ਚਲਦੇ ਹਨ ਕਿ ਸਿਰਫ ਹੀ 60 ਰੁਪਏ ਦਾ ਡੀਜ਼ਲ ਜਾਂ ਪੈਟਰੋਲ ਪੈਂਦਾ ਹੈ।

ਉਦਾਹਰਣ ਲਈ ਤੁਸੀਂ ਆਪਣੇ ਵੀਕ੍ਹਲ ਦੀ ਟੈਂਕੀ ਖਾਲ੍ਹੀ ਹੋਣ ਤੋਂ ਬਾਅਦ ਕਿਸੇ ਪੈਟਰੋਲ ਪੰਪ ਤੋਂ 100 ਰੁਪਏ ਦਾ ਤੇਲ ਭਰਾ ਕੇ ਉਸਦੀ ਐਵਰੇਜ ਨੋਟ ਕਰੋ। ਉਸ ਤੋਂ ਬਾਅਦ ਫਿਰ ਦੁਬਾਰਾ ਟੈਂਕੀ ਖਾਲ੍ਹੀ ਹੋਣ ਤੇ ਫਿਰ ਕਿਸੇ ਹੋ ਪੰਪ ਤੋਂ 100 ਰੁਪਏ ਦਾ ਪੈਟਰੋਲ ਭਰਵਾ ਕੇ ਚੈੱਕ ਕਰੋ। ਤੁਹਾਨੂੰ 7 ਤੋਂ 15 ਤੱਕ ਦੀ ਐਵਰੇਜ ਦਾ ਫਰਕ ਨਜ਼ਰ ਆਵੇਗਾ। ਚਾਹੇ ਤੁਸੀਂ ਜਿੰਨੀ ਮਰਜੀ ਵਾਰ ਸਿਫਰ ਚੈੱਕ ਕਰ ਲਵੋ ਪਰ ਤੁਹਾਨੂੰ ਕਦੇ ਵੀ ਤੁਹਾਡੇ ਪੂਰੇ ਪੈਸੇ ਦਾ ਡੀਜ਼ਲ ਜਾਂ ਪੈਟਰੋਲ ਨਹੀਂ ਭਰਿਆ ਜਾਵੇਗਾ। ਇਹੀ ਨਹੀਂ ਤੁਸੀਂ ਕਿਸੇ ਵੀ ਪੰਪ 'ਤੇ ਪੈਟਰੋਲ ਭਰਵਾ ਲਵੋ ਤੇ ਉਸਨੂੰ ਕਹੋ ਕਿ ਪੈਟਰੋਲ ਘੱਟ ਭਰਿਆ ਹੈ, ਤੁਹਾਡੀ ਗੱਲ ਕਦੇ ਨਹੀਂ ਮੰਨੀ ਜਾਵੇਗੀ, ਸਗੋਂ ਇਹੀ ਕਿਹਾ ਜਵੇਗਾ ਕਿ ਤੁਹਾਨੂੰ ਸਿਫਰ ਤਾਂ ਚੈੱਕ ਕਰਵਾ ਕੇ ਹੀ ਸ਼ੁਰੂ ਕੀਤਾ ਸੀ ਮੀਟਰ, ਅਸੀਂ ਤਾਂ ਪੂਰਾ ਪੈਟਰੋਲ ਪਾਇਆ ਹੈ, ਉਸ ਸਮੇਂ ਤੁਸੀਂ ਨਾ ਤਾਂ ਟੈਂਕੀ ਖਾਲ੍ਹੀ ਕਰਕੇ ਤੇਲ ਕੱਢ ਕੇ ਵੇਖ ਸਕਦੇ ਹੋ ਨਾ ਤੁਸੀਂ ਕਿਸੇ ਨੂੰ ਵਿਖਾ ਸਕਦੇ ਹੋ। ਕਿਉਂਕਿ ਪੈਟਰੋਲ ਪੰਪ 'ਤੇ ਹਰ ਬੰਦਾ ਉਸੇ ਸਮੇਂ ਜਾਂਦਾ ਹੈ ਜਦੋਂ ਉਸਨੂੰ ਪੈਟਰੋਲ ਜਾਂ ਡੀਜ਼ਲ ਦੀ ਲੋੜ ਹੁੰਦੀ ਹੈ। ਇਸ ਲਈ ਪੰਪਾਂ 'ਤੇ ਰੱਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਲਗਭਗ ਹਰ ਸ਼ਹਿਰ 'ਚ ਪੈਟਰੋਲ ਪੰਪਾਂ 'ਤੇ ਪੈਟਰੋਲ ਜਾਂ ਡੀਜ਼ਲ ਘੱਟ ਭਰਣ ਕਰਕੇ ਹੱਥੋ ਪਾਈ ਹੁੰਦੀ ਹੈ ਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ। ਕਿਸੇ ਕਿਸੇ ਮਾਮਲੇ 'ਚ ਸਖਤ ਕਾਰਵਾਈ ਦੇ ਚੱਲਦੇ ਪੰਪਾਂ ਨੂੰ ਸੀਲ ਵੀ ਕੀਤਾ ਜਾ ਚੁੱਕਾ ਹੈ। ਅਜਿਹੇ 'ਚ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਪੈਸੇ ਦੇ ਪੂਰਾ ਮੁੱਲ ਦੇਣ ਲਈ ਪੈਟਰੋਲ ਪੰਪਾਂ 'ਤੇ ਕੋਈ ਖ਼ਾਸ ਵਿਵਸਥਾ ਕੀਤੀ ਜਾਵੇ ਤਾਂ ਕਿ ਕਿਸੇ ਵੀ ਉਪਭੋਗਤਾ ਨੂੰ 100 ਰੁਪਏ ਦੇ ਬਦਲੇ 80 ਜਾਂ 60 ਰੁਪਏ ਦੇ ਤੇਲ 'ਚ ਗੁਜ਼ਾਰਾ ਨਾ ਕਰਨਾ ਪਵੇ।