ਲਾਂਡਰਾਂ-ਮੋਹਾਲੀ ਸੜਕ ਤੇ ਦਰੱਖਤਾਂ ਦੀ ਕਟਾਈ ਕਾਰਨ 5 ਦਿਨਾਂ ਲਈ ਆਵਾਜਾਈ ਕੀਤੀ ਬੰਦ : ਜ਼ਿਲ੍ਹਾ ਪੁਲਿਸ ਮੁਖੀ
ਲੋਕਾਂ ਦੀ ਸਹੂਲਤ ਲਈ ਆਵਾਜਾਈ ਦੇ ਕੀਤੇ ਬਦਲਵੇ ਪ੍ਰਬੰਧ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 03-Feb-2014
ਲਾਂਡਰਾਂ ਟੀ -ਪੁਆਇੰਟ ਤੇ ਲੱਗਣ ਵਾਲੇ ਰੋਜ਼ਾਨਾ ਘੰਟਿਆਂ-ਬੱਧੀ ਟਰੈਫਿਕ ਜਾਂਮ ਤੋਂ ਹੁਣ ਜਲਦੀ ਹੀ ਲੋਕਾਂ ਨੂੰ ਛੁਟਕਾਰਾਂ ਮਿਲ ਜਾਵੇਗਾ । ਪੰਜਾਬ ਸਰਕਾਰ ਨੇ ਲੋਕਾਂ ਦੀ ਲੰਮੇ ਚਿਰਾਂ ਤੋਂ ਸੜਕ ਨੂੰ ਚੌੜਾ ਕਰਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਲਾਡਰਾਂ-ਮੋਹਾਲੀ ਸੜਕ ਨੂੰ ਚੋੜਾ ਕਰਨ ਦੀ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਲਾਂਡਰਾਂ ਟੀ-ਪੁਆਇੰਟ ਤੋਂ ਮੋਹਾਲੀ ਸਾਇਡ ਨੂੰ ਆਉਣ ਵਾਲੀ ਸੜਕ ਤੇ ਦਰੱਖਤਾਂ ਦੀ ਕਟਾਈ ਦਾ ਕੰਮ ਸੁਰੂ ਹੋ ਚੁੱਕਾ ਹੈ ਜਿਸ ਕਾਰਨ ਸੜਕ ਨੂੰ ਆਉਣ ਵਾਲੇ 5 ਦਿਨਾਂ ਲਈ ਆਵਾਜਾਈ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰਮੋਹਨ ਸਿੰਘ ਭੱਟੀ ਨੇ ਦੱਸਿਆ ਕਿ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਆਵਾਜਾਈ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪਟਿਆਲਾ-ਰਾਜਪੁਰਾ ਸਾਇਡ ਤੋਂ ਮੋਹਾਲੀ ਨੂੰ ਆਉਣ ਵਾਲੀ ਟਰੈਫਿਕ ਬਨੂੰੜ ਤੋਂ ਵਾਇਆ ਜੀਰਕਪੁਰ ਰਾਹੀਂ ਕੀਤੀ ਗਈ ਹੈ ਅਤੇ ਸਰਹਿੰਦ ਸਾਇਡ ਤੋਂ ਮੋਹਾਲੀ ਨੂੰ ਆਉਣ ਵਾਲੀ ਟਰੈਫਿਕ ਲਾਂਡਰਾਂ ਰਾਹੀਂ ਆਉਣ ਦੀ ਵਜਾਏ ਸਰਹਿੰਦ ਤੋਂ ਚੂੰਨੀ ਵਾਇਆ ਮੋਰਿੰਡਾ-ਖਰੜ ਹੋ ਕੇ ਆਵੇਗੀ। ਇਸੇ ਤਰ੍ਹਾਂ ਮੋਹਾਲੀ ਸਾਇਡ ਤੋਂ ਲਾਂਡਰਾਂ ਰਾਹੀਂ ਸਰਹਿੰਦ ਸਾਇਡ ਜਾਣ ਵਾਲੀ ਟਰੈਫਿਕ ਵਾਇਆ ਖਰੜ-ਮੋਰਿੰਡਾ ਹੋ ਕੇ ਜਾਵੇਗੀ ਅਤੇ ਮੋਹਾਲੀ ਤੋਂ ਪਟਿਆਲਾ-ਬਨੂੰੜ ਸਾਇਡ ਨੂੰ ਜਾਣ ਵਾਲੀ ਟਰੈਫਿਕ ਮੋਹਾਲੀ ਤੋਂ ਵਾਇਆ ਜੀਰਕਪੁਰ ਕੀਤੀ ਗਈ ਹੈ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਨਿਰਵਿਘਨ ਚਲਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਦੇ ਕੀਤੇ ਗਏ ਬਦਲਵੇ ਪ੍ਰਬੰਧਾਂ ਲਈ ਆਪਣਾ ਪੁਰਾ-ਪੁਰਾ ਸਹਿਯੋਗ ਦੇਣ।