5 Dariya News

ਪੁਲਿਸ ਨੇ ਮੈਡੀਕਲ ਟੀਮਾਂ ਦੀ ਮਦਦ ਨਾਲ 1183 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ

ਬਗੈਰ ਮਾਸਕ ਘੁੰਮ ਰਹੇ 205 ਵਿਅਕਤੀਆਂ ਦੇ ਕੱਟੇ ਚਲਾਨ, ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ

5 Dariya News

ਨਵਾਂਸ਼ਹਿਰ 22-Mar-2021

ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਘੁੰਮਣ ਵਾਲੇ 1183 ਵਿਅਕਤੀਆਂ ਦੇ ਮੌਕੇ ’ਤੇ ਹੀ ਕੋਵਿਡ ਟੈਸਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ ਬਗੈਰ ਮਾਸਕ ਘੁੰਮ ਰਹੇ 205 ਵਿਅਕਤੀਆਂ ਦੇ ਅੱਜ ਚਲਾਨ ਕੱਟੇ ਗਏ ਹਨ।ਉਨਾਂ ਦੱਸਿਆ ਕਿ ਇਸੇ ਤਰਾਂ ਰਾਤ ਸਮੇਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੀ ਕਾਰਵਾਈ ਜਾਰੀ ਹੈ ਅਤੇ ਥਾਣਾ ਸਿਟੀ ਬਲਾਚੌਰ ਦੀ ਹਦੂਦ ਅੰਦਰ ਰਾਤ ਸਮੇਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਦਿਲਬਾਗ ਸਿੰਘ ਪੁੱਤਰ ਸੁੱਚਾ ਸਿੰਘ, ਵਾਸੀ ਰਹੂਣੋ, ਬਲਾਚੌਰ ਦੇ ਖਿਲਾਫ਼ ਅੱਜ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਸਪੀਕਰਾਂ ਰਾਹੀਂ ਅਨਾਊਸਮੈਂਟ ਕਰਵਾ ਕੇ ਲੋਕਾਂ ਨੂੰ ਮਾਸਕ ਪਾਉਣ ਅਤੇ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਨਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਪੁਲਿਸ ਨੂੰ ਪੂਰੀ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਜ਼ਿਲੇ ਵਿਚ ਜੋ ਵੀ ਵਿਅਕਤੀ ਬਗੈਰ ਮਾਸਕ ਤੋਂ ਘੁੰਮਦਾ ਵੇਖਿਆ ਗਿਆ, ਉਸ ਦਾ ਮੌਕੇ ’ਤੇ ਹੀ ਕੋਵਿਡ ਟੈਸਟ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ, ਤਾਂ ਜੋ ਇਸ ਮਹਾਮਾਰੀ ਤੋਂ ਬਚਾਅ ਹੋ ਸਕੇ।