5 Dariya News

ਜਿ਼ਲ੍ਹਾ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਬਿਨਾਂ ਮਾਸਕ ਪਾਏ ਗਏ 792 ਵਿਅਕਤੀਆਂ ਦੀ ਕਰਵਾਈ ਸੈਂਪਲਿੰਗ

ਸਿਹਤ ਵਿਭਾਗ ਵੱਲੋਂ ਅੱਜ ਕੀਤੇ ਟੈਸਟਾਂ ਵਿੱਚੋਂ 69 ਕੇਸ ਆਏ ਪੋਜੇਟਿਵ

5 Dariya News

ਫ਼ਤਹਿਗੜ੍ਹ ਸਾਹਿਬ 21-Mar-2021

ਜਿ਼ਲ੍ਹਾ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਐਤਵਾਰ ਦੇ ਦਿਨ ਬਿਨਾਂ ਮਾਸਕ ਘੁੰਮਦੇ ਪਾਏ ਗਏ 792 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਯਕੀਨੀ ਬਣਾਉਣ ਲਈ ਪ੍ਰੇਰਤ ਕੀਤਾ। ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਹੈ/ਕੁ) ਸ. ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਮਾਸਕ ਪਾਏ ਘੁੰਮਣ ਵਾਲੇ ਜਾਂ ਵਾਹਨ ਚਲਾਉਣ ਵਾਲੇ ਲੋਕਾਂ ਦੀ ਸੈਂਪਲਿੰਗ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾ ਦੇ ਵੱਧ ਰਹੇ ਕੇਸਾਂ ’ਤੇ ਠੱਲ ਪਾਈ ਜਾ ਸਕੇ।ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਜਿ਼ਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਢੀ ਗਈ ਇਸ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ 200, ਅਮਲੋਹ ਪੁਲਿਸ ਵੱਲੋਂ 41, ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ 134, ਸਰਹਿੰਦ ਪੁਲਿਸ ਵੱਲੋਂ 143, ਮੂਲੇਪੁਰ ਪੁਲਿਸ ਵੱਲੋਂ 40, ਬਸੀ ਪਠਾਣਾ ਪੁਲਿਸ ਵੱਲੋਂ 50 ਅਤੇ ਖਮਾਣੋਂ ਪੁਲਿਸ ਵੱਲੋਂ 73 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਗਈ।ਸ. ਹਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ’ਤੇ ਠੱਲ ਪਾਉਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਅਪਣਾਉਣੀਆਂ ਯਕੀਨੀ ਬਣਾਉਣ ਅਤੇ ਜੇਕਰ ਉਹ ਕਿਸੇ ਕੋਰੋਨਾ ਪੋਜੇਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ ਤਾਂ ਵੀ ਆਪਣਾ ਟੈਸਟ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਮਾਸਕ ਜਰੂਰ ਪਾਏ ਜਾਣ, ਇੱਕ ਦੂਜੇ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਣੇ ਹਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ ਨਾਲ ਸਾਫ ਕੀਤਾ ਜਾਵੇ ਤਾਂ ਜੋ ਇਸ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ।ਸਿਵਲ ਸਰਜਨ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 104,210 ਸੈਂਪਲ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 100253 ਸੈਂਪਲ ਨੈਗੇਟਿਵ ਪਾਏ ਗਏ ਹਨ ਜਦੋਂ ਕਿ 3262 ਵਿਅਕਤੀਆਂ ਦੇ ਸੈਂਪਲ ਪੋਜੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਕੀਤੇ 272 ਟੈਸਟਾਂ ਵਿੱਚੋਂ 69 ਵਿਅਕਤੀਆਂ ਦੇ ਕੇਸ ਪੋਜੇਟਿਵ ਪਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਖਾਤਰ ਕੋਰੋਨਾ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਜਰੂਰ ਕੀਤੀ ਜਾਵੇ।