5 Dariya News

ਕੇਂਦਰ ਸੈਂਟਰਲ ਸੈਕਟਰ ਸਕੀਮ ਤਹਿਤ ਸਬਸਿਡੀ ’ਚ ਤਿੰਨ ਗੁਣਾਂ ਵਾਧਾ ਕਰੇ : ਮੋਹਨ ਲਾਲ ਸੂਦ

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਵਲੋਂ ਵਿਜੇ ਸਾਂਪਲਾ ਨਾਲ ਮੁਲਾਕਾਤ

5 Dariya News

ਹੁਸ਼ਿਆਰਪੁਰ 13-Mar-2021

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਅੱਜ ਕੇਂਦਰ ਸਰਕਾਰ ਤੋਂ ਸੈਂਟਰਲ ਸੈਕਟਰ ਸਕੀਮ ‘ਐਸ ਸੀ ਸਬ ਪਲਾਨ ਹੇਠ ਵਿਸ਼ੇਸ਼ ਕੇਂਦਰੀ ਮਦਦ’ ਤਹਿਤ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਸਕੀਮ ਦਾ ਲਾਭ ਲੈਣ ਵਿਚ ਦਿੱਤੀ ਜਾਂਦੀ ਸਬਸਿਡੀ ਵਿਚ 3 ਗੁਣਾਂ ਵਾਧਾ ਕਰਨ ਦੀ ਮੰਗ ਕੀਤੀ ਹੈ।ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੁਲਾਕਾਤ ਕਰਨ ਪੁੱਜੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਕਿਹਾ ਕਿ ਇਹ ਸਬਸਿਡੀ 1999 ਤੋਂ 10 ਹਜ਼ਾਰ ਰੁਪਏ ਚੱਲੀ ਆ ਰਹੀ ਹੈ ਜਦਕਿ ਮਹਿੰਗਾਈ ਕਈ ਗੁਣਾਂ ਵੱਧ ਚੁੱਕੀ ਹੈ, ਜਿਸਦੇ ਮੱਦੇਨਜ਼ਰ ਇਸ ਸਬਸਿਡੀ ਵਿਚ 3 ਗੁਣਾ ਵਾਧਾ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਾਕੀ ਸਕੀਮਾਂ ਤਹਿਤ 25 ਤੋਂ 35 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ ਪਰ ਸੈਂਟਰਲ ਸੈਕਟਰ ਸਕੀਮ ‘ਐਸ ਸੀ ਸਬ ਪਲਾਨ ਹੇਠ ਵਿਸ਼ੇਸ਼ ਕੇਂਦਰੀ ਮਦਦ’ ਤਹਿਤ ਯੋਗ ਅਨੁਸੂਚਿਤ ਜਾਤੀ ਪਰਿਵਾਰਾਂ ਲਈ ਸਬਸਿਡੀ 10 ਹਜ਼ਾਰ ਰੁਪਏ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਨੂੰ ਇਸ ਸਬੰਧੀ ਮੰਗ ਪੱਤਰ ਭੇਜਿਆ ਜਾ ਚੁੱਕਾ ਹੈ ਜਿਸ ਉੱਤੇ ਗੌਰ ਕਰਦਿਆਂ ਕੇਂਦਰ ਨੂੰ ਲੋਕਹਿੱਤ ਵਿਚ ਇਹ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਵਿਚ ਵੱਡੀ ਮਦਦ ਮਿਲ ਸਕੇ।

ਚੇਅਰਮੈਨ ਮੋਹਨ ਲਾਲ ਸੂਦ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਨੂੰ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਕੋਲ ਉਠਾਉਣ ਅਤੇ ਪੰਜਾਬ ਸਰਕਾਰ ਵਲੋਂ ਰੱਖੀਆਂ ਮੰਗਾਂ ਮੰਨਵਾ ਕੇ ਅਨੁਸੂਚਿਤ ਜਾਤੀ ਪਰਿਵਾਰਾਂ ਲਈ ਸਕੀਮ ਦਾ ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣ।ਵਿਜੇ ਸਾਂਪਲਾ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਜਲਦ ਹੀ ਲੋੜੀਂਦੀ ਕਾਰਵਾਈ ਕਰਨਗੇ।ਇਸ ਮੌਕੇ ਮੋਹਨ ਲਾਲ ਸੂਦ ਨੇ ਦੱਸਿਆ ਕਿ 1970 ਵਿਚ ਸਥਾਪਿਤ ਹੋਇਆ ਇਹ ਕਾਰਪੋਰੇਸ਼ਨ ਅਨੁਸੂਚਿਤ ਜਾਤੀ, ਦਿਵਯਾਂਗ ਅਤੇ ਸਫ਼ਾਈ ਸੇਵਕਾਂ ਦੇ ਪਰਿਵਾਰਾਂ ਨੂੰ ਸਵੈ ਰੋਜ਼ਗਾਰ ਦੀ ਸਥਾਪਤੀ ਲਈ ਵਮੱਖ-ਵੱਖ ਬੈਂਕਾਂ ਰਾਹੀਂ ਸਾਦੇ ਵਿਆਜ਼ ’ਤੇ ਕਰਜ਼ੇ ਮੁਹਈਆ ਕਰਵਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਦੇ 50 ਸਾਲ ਪੂਰੇ ਹੋਣ ’ਤੇ ਪੰਜਾਬ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਲਈ ਕੁੱਲ 10 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਸਕੀਮ ਤਹਿਤ 1200 ਦੇ ਕਰੀਬ ਲਾਭਪਾਤਰੀਆਂ ਦੇ 42.41 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ।ਮੋਹਨ ਲਾਲ ਸੂਦ ਨੇ ਦੱਸਿਆ ਕਿ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲਾਲ ਲਕੀਰ ਅੰਦਰਲੇ ਵਸਨੀਕਾਂ ਨੂੰ ਮਾਲਕਾਨਾ ਹੱਕ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਕਰਜ਼ਾ ਲੈਣ ਵੇਲੇ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਪਿਛਲੇ ਸਾਲ 1.50 ਕਰੋੜ ਰੁਪਏ ਦੀ ਸਬਸਿਡੀ ਦਿਵਾਈ ਗਈ ਸੀ। ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕਾਰਪੋਰੇਸ਼ਨ ਵਲੋਂ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਕੰਮਾਂ ਲਈ 9 ਕਰੋੜ ਰੁਪਏ ਦੇ ਕਰੀਬ ਸਵੈ-ਰੋਜ਼ਗਾਰ ਲਈ ਕਰਜ਼ੇ ਦਿਵਾਏ ਗਏ।