ਬਟਾਲਾ ਪੁਲਿਸ ਨੇ ਮਹਿਲਾ ਦਿਵਸ ਮੌਕੇ ਲਗਾਇਆ ਵਿਸ਼ੇਸ਼ ਮੈਡੀਕਲ ਕੈਂਪ
ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡੇ - ਐੱਸ.ਐੱਸ.ਪੀ. ਬਟਾਲਾ
5 Dariya News
ਬਟਾਲਾ 08-Mar-2021
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਟਾਲਾ ਪੁਲਿਸ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਨ ਦੇ ਨਾਲ ਪੁਲਿਸ ਦੀਆਂ ਮਹਿਲਾ ਕਰਮਚਾਰਨਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕੀਤੀ।ਮਹਿਲਾ ਪੁਲਿਸ ਅਧਿਕਾਰੀਆਂ ਅਤੇ ਕਰਮਚਾਰਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਮਹਿਲਾਵਾਂ ਨੇ ਆਪਣੀ ਯੋਗਤਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਪੁਰਸਾਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਲੈ ਲਵੋ ਤੁਹਾਨੂੰ ਹਰ ਜਗ੍ਹਾ ਮੂਹਰਲੀ ਕਤਾਰ ਵਿੱਚ ਔਰਤਾਂ ਦਿਖਾਈ ਦੇਣਗੀਆਂ ਅਤੇ ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਵੀ ਔਰਤਾਂ ਦਾ ਯੋਗਦਾਨ ਬਹੁਤ ਅਹਿਮ ਹੈ ਅਤੇ ਇਸ ਚਣੌਤੀ ਭਰੇ ਪੇਸ਼ੇ ਵਿੱਚ ਔਰਤਾਂ ਹੇਠਲੇ ਪੱਧਰ ਤੋਂ ਸਭ ਤੋਂ ਉੱਚੇ ਮੁਕਾਮ ਤੱਕ ਪੂਰੀ ਸਫਲਤਾ ਨਾਲ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਦੇਸ਼ ਦੀਆਂ ਧੀਆਂ ਨੇ ਹਰ ਖੇਤਰ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹੇ ਦੀਆਂ ਸਮੂਹ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸਮੇਂ ਸੇਵਾ ਵਿੱਚ ਹਾਜ਼ਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਔਰਤਾਂ ਦੀ ਸਹਾਇਤਾ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤੇ ਗਏ ਹਨ ਅਤੇ ਵਿਭਾਗ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਬੇੜਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ।ਇਸ ਤੋਂ ਪਹਿਲਾਂ ਡੀ.ਐੱਸ.ਪੀ. (ਸਿਟੀ) ਬਟਾਲਾ ਮੈਡਮ ਪਰਵਿੰਦਰ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀਆਂ ਸਮੂਹ ਮਹਿਲਾ ਅਧਿਕਾਰੀਆਂ ਅਤੇ ਕਰਮਚਾਰਨਾਂ ਦੀ ਇਹ ਹੋਰ ਵੀ ਜਿੰਮੇਵਾਰੀ ਵੱਧ ਜਾਂਦੀ ਹੈ ਕਿ ਉਹ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਔਰਤਾਂ ’ਤੇ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਇੱਕ ਢਾਲ ਵਜੋਂ ਕੰਮ ਕਰਨ।ਇਸ ਮੌਕੇ ਪੁਲਿਸ ਲਾਈਨ ਬਟਾਲਾ ਵਿਖੇ ਆਈ.ਵੀ.ਵਾਈ. ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਔਰਤ ਰੋਗਾਂ ਦੀ ਮਾਹਿਰ ਡਾ. ਹਸਤਾ ਨਿਤਿਨ, ਡਾ. ਚਾਹਤ, ਸਰਕਾਰੀ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ। ਇਸ ਮੌਕੇ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।ਇਸ ਮੌਕੇ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ, ਐੱਸ.ਪੀ. ਸ. ਤੇਜਬੀਰ ਸਿੰਘ ਹੁੰਦਲ, ਐੱਸ.ਪੀ. ਸ. ਜਗਵਿੰਦਰਜੀਤ ਸਿੰਘ, ਐੱਸ.ਪੀ. ਸ. ਵਰਿੰਦਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।