5 Dariya News

ਪਿੰਡ ਪੈਰੋਸ਼ਾਹ ਵਿਖੇ ਥਾਪਰ ਮਾਡਲ ਤਹਿਤ ਬਣਿਆ ਛੱਪੜ ਇਲਾਕੇ ਲਈ ਬਣਿਆ ਮਿਸਾਲ

ਜ਼ਿਲੇ ਦੇ ਵੱਖ-ਵੱਖ ਪਿੰਡਾਂ ਅੰਦਰ ਥਾਪਰ ਮਾਡਲ ਤਤਿਹ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਜੋਰਾਂ ’ਤੇ

5 Dariya News

ਗੁਰਦਾਸਪੁਰ 27-Feb-2021

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੀ ਅਗਵਾਈ ਹੇਠ ‘ਮਗਨਰੇਗਾ’ ਸਕੀਮ ਤਹਿਤ ਪਿੰਡਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸਦੇ ਚੱਲਦਿਆਂ ਥਾਪਰ ਮਾਡਲ ਤਹਿਤ ਛੱਪੜਾਂ ਦਾ ਕੀਤੇ ਜਾ ਰਹੇ ਨਵੀਨੀਕਰਨ ਕੰਮਾਂ ਕਰਕੇ, ਜਿਥੇ ਪਿੰਡਾਂ ਅੰਦਰ ਵਾਤਾਵਰਣ ਸਾਫ ਸੁਥਰਾ ਹੋਇਆ ਹੈ ਓਥੇ ਬਿਮਾਰੀਆਂ ਘੱਟਣ ਕਾਰਨ ਸਿਹਤ ਪੱਖੋ ਵੀ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਹੈ।ਪਿੰਡ ਪੈਰੋਸ਼ਾਹ, ਬਲਾਕ ਕਾਹਨੂੰਵਾਨ ਵਿਖੇ ਥਾਪਰ ਮਾਡਲ ਤਹਿਤ ਬਣਿਆ ਛੱਪੜ ਇਲਾਕੇ ਲਈ ਮਿਸਾਲ ਬਣਿਆ ਹੈ ਅਤੇ ਇਸ ਕੰਮ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਪਿੰਡ ਪੈਰੋਸ਼ਾਹ ਵਿਖੇ ਥਾਪਰ ਮਾਡਲ ਤਹਿਤ ਛੱਪੜ ਦਾ ਨਵੀਨੀਕਰਨ ਕੀਤਾ ਗਿਆ ਹੈ। ਪਹਿਲਾਂ ਇਸ ਛੱਪੜ ਦਾ ਬਹੁਤ ਮੰਦਾ ਹਾਲ ਸੀ। ਛੱਪੜ ਦਾ ਪਾਣੀ ਓਵਰਫਲੋ ਹੋ ਕੇ ਘਰਾਂ ਵਿਚ ਵੜ੍ਹ ਜਾਂਦਾ ਸੀ ਤੇ ਲੋਕ ਬਹੁਤ ਪ੍ਰੇਸ਼ਾਨ ਸਨ ਪਰ ਛੱਪੜ ਮਗਨਰੇਗਾ ਸਕੀਮ ਤਹਿਤ ਥਾਪਰ ਮਾਡਲ ਤਹਿਤ ਵਿਕਸਿਤ ਕੀਤੇ ਜਾਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਹੈ। ਲੋਕ ਦਿਨੇ ਅਤੇ ਸ਼ਾਮ ਨੂੰ ਇਸ ਦੇ ਆਸ-ਪਾਸ ਸੈਰ ਕਰਦੇ ਹਨ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਵੀ ਸ਼ਲਾਘਾ ਕਰ ਰਹੇ ਹਨ।ਇਸ ਛੱਪੜ ਦੇ ਨਵੀਨੀਕਰਨ ਦੌਰਾਨ ਪਿੰਡ ਵਾਸੀਆਂ ਨੂੰ ਕੋਰੋਨਾ ਮਹਾਂਮਾਾਰੀ ਦੌਰਾਨ ਵੱਡੇ ਪੱਧਰ ’ਤੇ ਰੁਜ਼ਗਾਰ ਮਿਲਿਆ। ਇਸ ਮਾਡਲ ਤਹਿਤ ਪਿੰਡ ਦੇ ਸੀਵਰੇਜ ਵਾਲੇ ਪਾਣੀ ਨੂੰ ਛੱਪੜ ਦੇ ਨੇੜੇ ਬਣੇ ਖੂਹਾਂ ਵਿਚ ਫਿਲਟਰ ਕਰਕੇ ਅੱਗੇ ਛੱਪੜ ਵਿਚ ਪਾਇਆ ਜਾਂਦਾ ਹੈ ਅਤੇ ਛੱਪੜ ਦੇ ਪਾਣੀ ਨੂੰ ਅੱਗੇ ਖੇਤੀ ਕੰਮਾਂ ਲਈ ਵਰਤਿਆ ਜਾਂਦਾ ਹੈ। ਛੱਪੜ ਦੀ ਉਸਾਰੀ ਨਾਲ ਪਿੰਡ ਵਾਸੀ ਬਹੁਤ ਖੁਸ਼ ਹਨ, ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਹੋਇਆ ਹੈ ਅਤੇ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਗਏ ਹਨ।ਦੱਸਣਯੋਗ ਹੈ ਕਿ ਜਿਲੇ ਵਿਚ 1278 ਪਿੰਡਾਂ ਅੰਦਰ 996 ਛੱਪੜ ਹਨ, ਜਿਸ ਵਿਚੋਂ 685 ਛੱਪੜ ਥਾਪਰ ਮਾਡਲ ਤਹਿਤ ਵਿਕਸਿਤ ਕਰਨ ਦੇ ਪ੍ਰੋਜੈਕਟ ਪਾਸ ਹੋ ਗਏ ਹਨ, ਜਿਸ ਉੱਪਰ ਕਰੀਬ 14 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਾਕੀ ਰਹਿੰਦੇ ਛੱਪੜਾਂ ਦੇ ਪ੍ਰੋਜੋਕਟ ਵੀ ਜਲਦ ਪਾਸ ਹੋ ਜਾਣਗੇ।