5 Dariya News

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ 'ਤੇ ਕਾਰਵਾਈ

ਪਿਛਲੇ ਦਿਨਾਂ ਕੁਝ ਦਿਨਾਂ ਵਿੱਚ ਐਨਡੀਪੀਐਸ ਐਕਟ ਤਹਿਤ 25 ਐਫ.ਆਈ.ਆਰ.,32 ਗ੍ਰਿਫ਼ਤਾਰੀਆਂ ਅਤੇ ਭਾਰੀ ਮਾਤਰਾ ਵਿੱਚ ਨਸ਼ਿਆਂ ਦੀ ਕੀਤੀ ਬਰਾਮਦਗੀ

5 Dariya News

ਜਲੰਧਰ 26-Feb-2021

ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਦੇ ਮੰਤਵ ਨਾਲ ਕਮਿਸ਼ਨਰੇਟ ਪੁਲਿਸ ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵਿੱਢਦਿਆਂ ਨਸ਼ਿਆਂ ਖਿਲਾਫ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਲਗਾਮ ਕੱਸਣ ਲਈ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਤਕਰੀਬਨ 25 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 32 ਵਿਅਕਤੀਆਂ ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਵੱਡੀ ਮਾਤਰਾ ਵਿੱਚ ਨਸ਼ਿਆਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ 237 ਗ੍ਰਾਮ ਹੈਰੋਇਨ, 6 ਕਿੱਲੋ 230 ਗ੍ਰਾਮ ਅਫੀਮ, 4.50 ਕੁਇੰਟਲ ਭੁੱਕੀ ਅਤੇ 4700 ਗ੍ਰਾਮ ਗਾਂਜਾ ਸਮੇਤ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।     ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ-ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਆਪਕ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਮੈਡੀਕਲ ਸਟੋਰਾਂ ਦੀ ਜਾਂਚ ਲਈ ਇਕ ਹੋਰ ਮੁਹਿੰਮ ਆਰੰਭੀ ਗਈ, ਜਿਸ ਤਹਿਤ ਪੁਲਿਸ ਅਤੇ ਸਿਹਤ ਵਿਭਾਗਾਂ ਵੱਲੋਂ ਕਈ ਮੈਡੀਕਲ ਦੁਕਾਨਾਂ ਦੀ ਸਾਂਝੇ ਤੌਰ 'ਤੇ ਜਾਂਚ ਕੀਤੀ ਗਈ। ਸ਼੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਅਧੀਨ ਦਰਜ ਕੇਸਾਂ ਵਿੱਚ ਲੋੜੀਂਦੇ 12 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਅੱਠ ਆਦਤਨ ਅਪਰਾਧੀਆਂ ਖਿਲਾਫ ਨਜ਼ਰਬੰਦੀ ਪ੍ਰਸਤਾਵ ਤਿਆਰ ਕਰਨ ਤੋਂ ਇਲਾਵਾ ਨਸ਼ਾ ਸਪਲਾਇਰਾਂ ਖਿਲਾਫ਼ ਸੀ.ਆਰ.ਪੀ.ਸੀ. ਦੀ ਧਾਰਾ 107/151/110 ਤਹਿਤ ਰੋਕਥਾਮ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਵੱਲੋਂ ਐਨ.ਡੀ.ਪੀ.ਐਸ. ਐਕਟ ਦੀ ਧਾਰਾ 68-ਐਫ ਤਹਿਤ ਤਿੰਨ ਨਸ਼ਾ ਸਪਲਾਇਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।ਸ਼੍ਰੀ ਭੁੱਲਰ ਨੇ ਦੁਹਰਾਇਆ ਕਿ ਪੁਲਿਸ ਸ਼ਹਿਰ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਚਨਬੱਧ ਹੈ ਅਤੇ ਨਸ਼ਿਆਂ ਖਿਲਾਫ਼ ਇਸ ਮੁਹਿੰਮ ਨੂੰ ਵੱਡੇ ਪੱਧਰ 'ਤੇ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਨਸ਼ਾਖੋਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾਉਣ ਨੂੰ ਯਕੀਨੀ ਬਣਾਉਣ ਲਈ ਸਾਂਝੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਇਹ ਜੰਗ ਉਨ੍ਹਾਂ ਦੀ ਭਾਗੀਦਾਰੀ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ।