5 Dariya News

ਮੀਂਹ ਦੇ ਪਾਣੀ ਦੀ ਸੰਭਾਲ ਲਈ ਜਾਗਰੂਕ ਕਰਨਗੇ ਨਹਿਰੂ ਯੁਵਾ ਕੇਂਦਰ ਵਲੰਟੀਅਰ

ਡਿਪਟੀ ਕਮਿਸ਼ਨਰ ਫੂਲਕਾ ਵੱਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ਼

5 Dariya News

ਬਰਨਾਲਾ 26-Feb-2021

ਪਾਣੀ ਜੀਵਨ ਲਈ ਸਭ ਤੋਂ ਮੁਢਲੀ ਜ਼ਰੂਰਤ ਹੈ, ਇਸ ਲਈ ਪਾਣੀ ਜਿਹੇ ਅਮੁੱਲ ਸਰੋਤ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਦੇ ਆਗਾਜ਼ ਮੌਕੇ ਪੋਸਟਰ ਜਾਰੀ ਕਰਨ ਮੌਕੇ ਕੀਤਾ। ਇਹ ਪੋਸਟਰ ਮੀਂਹ ਦਾ ਪਾਣੀ ਇਕੱਠਾ ਕਰੋ, ਇਹ ਜਿੱਥੇ ਪੈਂਦਾ ਹੈ, ਜਦੋਂ ਪੈਂਦਾ ਹੈ (ਕੈਚ ਦਿ ਰੇਨ ਵੇਅਰ ਇਟ ਫਾਲ, ਵੈੱਨ ਇਟ ਫਾਲ) ਮੁਹਿੰਮ ਅਧੀਨ ਕੀਤਾ ਗਿਆ। ਉਨਾਂ ਕਿਹਾ ਕਿ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੋ ਰਿਹਾ ਹੈ ਅਤੇ ਪਾਣੀ ਗੰਧਲਾ ਹੋ ਰਿਹਾ ਹੈ।ਉਨਾਂ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਹੋਣ ਦੇ ਨਾਲ ਨਾਲ ਸਰਕਾਰ ਦੇ ਚੱਲ ਰਹੇ ਵੱਖ ਵੱਖ ਪ੍ਰਾਜੈਕਟਾਂ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਇਸੇ ਤਹਿਤ ਮੀਂਹ ਦੇ ਪਾਣੀ ਨੂੰ ਇਕੱਤਰ ਕਰਨ ਦੀ ਮੁਹਿੰਮ ਚਲਾਈ ਗਈ ਹੈ। ਜ਼ਿਲਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਬਰਨਾਲਾ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਕੈਚ ਦਿ ਰੈਨ ਪ੍ਰਾਜੈਕਟ ਲਈ ਜ਼ਿਲੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਅਗਲੇ ਗੇੜ ਵਿੱਚ ਜ਼ਿਲੇ ਦੇ ਬਾਕੀ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਯੂਥ ਕਲੱਬਾਂ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਉਸ ਨੂੰ ਫਿਲ਼ਟਰ ਕਰਕੇ ਦੁਬਾਰਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ। ਜ਼ਿਲ਼ਾ ਯੂਥ ਅਫਸਰ ਬਰਨਾਲਾ ਨੇ ਕਿਹਾ ਕਿ ਇਸ ਤੋ ਇਲਾਵਾ ਨੁੱਕੜ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਨ.ਐਸ.ਐਸ.ਵਲੰਟੀਅਰਾਂ ਦੇ ਸਹਿਯੋਗ ਨਾਲ ਰੈਲੀਆਂ ਅਤੇ ਸਕੂਲਾਂ ਵਿੱਚ ਬੱਚਿਆਂ ਵੱਲੋਂ ਪੇਂਟਿੰਗ, ਵਾਲ ਪਂੇਟਿੰਗ, ਕੁਇਜ਼ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਵੱਖ ਵੱਖ ਮਾਹਿਰਾਂ ਵੱਲੋਂ ਵੀ  ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਅਤੇ ਕਲੱਬਾਂ ਨੇ ਵੀ ਸ਼ਮੂਲੀਅਤ ਕੀਤੀ।ਪੋਸਟਰ ਰਿਲੀਜ਼ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ ਸ਼ਰਮਾ, ਜ਼ਿਲਾ ਲੋਕ ਸੰਪਰਕ ਅਫਸਰ ਸ੍ਰੀਮਤੀ ਮੇਘਾ ਮਾਨ ਤੇ ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ ਵੀ ਹਾਜ਼ਰ ਸਨ।