5 Dariya News

ਆਮ ਨੌਜਵਾਨਾਂ ਨੂੰ ਪੇਂਡੂ ਬੱਸ ਰੂਟਾਂ ਦੇ ਪਰਮਿਟ ਦੇ ਕੇ ਕੈਪਟਨ ਸਰਕਾਰ ਨੇ ਕਾਇਮ ਕੀਤੀ ਮਿਸਾਲ : ਗੁਰਪ੍ਰੀਤ ਸਿੰਘ ਜੀ. ਪੀ.

ਜ਼ਿਲ੍ਹੇ ਦੇ 09 ਨੌਜਵਾਨਾਂ ਨੂੰ ਦਿੱਤੇ ਪਰਮਿਟ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ

5 Dariya News

ਫ਼ਤਹਿਗੜ੍ਹ ਸਾਹਿਬ 24-Feb-2021

ਪੰਜਾਬ ਸਰਕਾਰ ਜਿੱਥੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ, ਉੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵੀ ਵੱਡੇ ਪੱਧਰ ਉੱਤੇ ਉਪਰਾਲੇ ਜਾਰੀ ਹਨ। ਇਹਨਾਂ ਦੀ ਲੜੀ ਤਹਿਤ ਹੀ ਅੱਜ ਚੰਡੀਗੜ੍ਹ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੇ ਨਾਲ ਨਾਲ ਜ਼ਿਲ੍ਹਾ ਪੱਧਰੀ ਕੰਪਲੈਕਸ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹੇ ਦੇ 09 ਲਾਭਪਾਤਰੀਆਂ ਨੂੰ ਪੇਂਡੂ ਬੱਸ ਰੂਟਾਂ ਦੇ ਪਰਮਿਟ ਦਿੱਤੇ ਗਏ। ਸਮਾਗਮ ਵਿੱਚ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਅੱਜ ਕਰਵਾਏ ਸੂਬਾ ਪੱਧਰੀ ਸਮਾਗਮ ਤਹਿਤ ਜਿੱਥੇ ਕਪੂਰਥਲਾ ਵਿਖੇ ਬਣਨ ਵਾਲੇ ਇੰਸਟੀਚਿਊਟ ਆਫ ਡਰਾਈਵਿੰਗ ਐਂਡ ਰਿਸਰਚ ਵੀਹਕਲ ਇੰਸਪੈਕਸ਼ਨ ਐਂਡ ਸਰਟੀਫੀਕੇਸ਼ਨ ਸੈਂਟਰ ਦਾ ਨੀਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਰੱਖਿਆ, ਓਥੇ ਸੂਬਾ ਪੱਧਰ ਉਤੇ ਕਰੀਬ 03 ਹਜ਼ਾਰ ਨੌਜਵਾਨਾਂ ਨੂੰ ਮਿੰਨੀ ਬੱਸ ਰੂਟਾਂ ਦੇ ਪਰਮਿਟ ਦਿੱਤੇ ਗਏ।ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੰਮ ਕਾਜ ਨੂੰ ਪੂਰਨ ਰੂਪ ਵਿੱਚ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਰਿਹਾ ਹੈ। 

ਪਹਿਲਾਂ ਗੱਡੀਆਂ ਦੇ ਨੰਬਰ ਖਾਸ ਕਰ ਕੇ ਫੈਂਸੀ ਨੰਬਰਾਂ ਦੇ ਲੈਣ ਦੀ ਪ੍ਰਕਿਰਿਆ ਬਹੁਤ ਲੰਮੀ ਸੀ ਪਰ ਹੁਣ ਇਹ ਪ੍ਰਕਿਰਿਆ ਬਹੁਤ ਸਰਲ ਬਣਾਈ ਗਈ ਹੈ। ਇਸੇ ਤਰ੍ਹਾਂ ਲਾਇਸੈਂਸ ਬਨਾਉਣ ਸਬੰਧੀ ਤੇ ਹੋਰ ਕੰਮਾਂ ਨੂੰ ਆਨਲਾਈਨ ਕਰ ਕੇ ਸਰਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।ਵਿਧਾਇਕ ਜੀ. ਪੀ. ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਹਿਤੈਸ਼ੀ ਸਰਾਕਰ ਹੈ ਤੇ ਇਹ ਗੱਲ ਇਸ ਤੋਂ ਸਾਫ਼ ਹੋ ਗਈ ਹੈ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਬੱਸਾਂ ਦਾ ਪਰਮਿਟ ਦਿੱਤੇ ਗਏ ਹਨ ਨਾ ਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪਰਮਿਟ ਦਿੱਤੇ ਗਏ ਹਨ ਤੇ ਅੱਗੇ ਹੋਰ ਵੀ ਨੌਜਵਾਨਾਂ ਨੂੰ ਪਰਮਿਟ ਦੇ ਕੇ ਆਪਣੇ ਪੈਰਾਂ ' ਤੇ ਖੜ੍ਹੇ ਹੋਣ ਦਾ ਮੌਕਾ ਦਿੱਤਾ ਜਾਵੇਗਾ।ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਨ੍ਹਾਂ ਨੂੰ ਪਰਮਿਟ ਦਿੱਤੇ ਗਏ ਉਹਨਾਂ ਵਿੱਚ ਪਰਮਿੰਦਰ ਸਿੰਘ ਪਿੰਡ ਸਲੇਮਪੁਰ, ਸਰਬਜੀਤ ਸਿੰਘ ਮਾਜਰਾ ਮੰਨਾ ਸਿੰਘ ਵਾਲਾ, ਦਵਿੰਦਰ ਪਾਲ ਸਿੰਘ ਮਾਨਪੁਰ, ਨਵਜੋਤ ਕੌਰ ਹਮਾਯੂੰਪੁਰ, ਹਰਵਿੰਦਰ ਸਿੰਘ ਦੰਗਘੇੜੀਆਂ, ਅਰਵਿੰਦਰ ਸਿੰਘ ਖੋਜੇਮਾਜਰਾ, ਸਤਨਾਮ ਸਿੰਘ ਖੰਟ ਅਤੇ ਭੁਪਿੰਦਰ ਸਿੰਘ ਪਵਾਲਾ ਸ਼ਾਮਲ ਸਨ। ਪਰਮਿਟ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਏ ਟੀ ਓ ਸ਼ਾਮ ਲਾਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।