ਮੁੱਖ ਮੰਤਰੀ ਵੱਲੋਂ ਵਰਚੁਅਲ ਸਮਾਗਮ ਰਾਹੀਂ ਨੌਜਵਾਨਾਂ ਨੂੰ ਪੇਂਡੂ ਬੱਸ ਸੇਵਾ ਪਰਮਿਟ ਤਕਸੀਮ
ਟਰਾਂਸਪੋਰਟ ਵਿਭਾਗ ਵੱਲੋਂ ਅਨੇਕਾ ਲੋਕ ਪੱਖੀ ਉਪਰਾਲੇ ਸ਼ੁਰੂ
5 Dariya News
ਫਾਜ਼ਿਲਕਾ 24-Feb-2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵਰਚੁਅਲ ਸਮਾਗਮ ਰਾਹੀਂ ਰਾਜ ਦੇ 3000 ਨੌਜਵਾਨਾਂ ਨੂੰ ਪੇਂਡੂ ਬਸ ਸੇਵਾ ਪਰਮਿਟ ਦੇਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਕਪੂਰਥਲਾ ਵਿਖੇ ਬਣਨ ਵਾਲੇ ਡਰਾਇਵਰ ਸਿਖਲਾਈ ਕੇਂਦਰ ਅਤੇ ਵਾਹਨ ਜਾਂਚ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨਾਂ ਨੇ ਡਰਾਇਵਿੰਗ ਲਾਇਸੈਂਸ ਅਤੇ ਵਾਹਨਾਂ ਦੀਆਂ ਆਰਸੀ ਡਾਕ ਰਾਹੀਂ ਭੇਜਣ ਦੇ ਪ੍ਰੋਜੈਕਟ ਅਤੇ ਸਰਕਾਰੀ ਬੱਸਾਂ ਵਿਚ ਜੀਪੀਆਰਐਸ ਸਿਸਟਮ ਵੀ ਲੋਕ ਅਰਪਿਤ ਕੀਤੇ।ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਰਾਜ ਭਰ ਵਿਚ ਸੰਬੋਧਨ ਕਰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਨੂੰ ਵਰਤਮਾਨ ਜਰੂਰਤਾਂ ਅਨੁਸਾਰ ਆਨਲਾਈਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਹਤਰ ਸਹੁਲਤਾਂ ਮੁਹਈਆ ਕਰਵਾਉਣ ਦੇ ਉਪਰਾਲੇ ਉਨਾਂ ਦੀ ਸਰਕਾਰ ਨੇ ਕੀਤੇ ਹਨ। ਉਨਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਨਵੇਂ ਪਰਮਿਟ ਦੇਣ ਨਾਲ ਜਿੱਥੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮਿਲਣਗੇ ਉਥੇ ਹੀ ਇਸ ਨਾਲ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਟਰਾਂਸਪੋਰਟ ਸਹੁਲਤਾਂ ਵੀ ਮਿਲਣਗੀਆਂ।ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਲੋਕਾਂ ਨੂੰ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਸੇਵਾਵਾਂ ਲੋਕਾਂ ਲਈ ਲਾਭਕਾਰੀ ਹੋਣਗੀਆਂ।
ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਇਸ ਮੌਕੇ ਕਿਹਾ ਕਿ ਹੁਣ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਡਰਾਇਵਿੰਗ ਲਾਇਸੈਂਸ ਅਤੇ ਵਾਹਨਾਂ ਦੀਆਂ ਆਰਸੀ ਚੰਡੀਗੜ ਵਿਖੇ ਛਾਪ ਕੇ ਡਾਕ ਰਾਹੀਂ ਲੋਕਾਂ ਦੇ ਘਰਾਂ ਤੱਕ ਭੇਜੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਤਰਜ ਤੇ ਪ੍ਰਾਈਵੇਟ ਬੱਸਾਂ ਵਿਚ ਵੀ ਜੀਪੀਐਸ ਸਿਸਟਮ ਲਗਵਾਏ ਜਾਣਗੇ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਆਪਣੇ ਜਿਆਦਾ ਤੋਂ ਜਿਆਦਾ ਕੰਮ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ ਅਤੇ ਲੋਕ ਆਪਣੇ ਘਰਾਂ ਤੋਂ ਹੀ ਸਰਕਾਰੀ ਸੇਵਾਵਾਂ ਲੈ ਸਕਨ।
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਯੂਥ ਕਾਂਗਰਸ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।ਓਧਰ ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਫਾਜ਼ਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਨਵਲ ਰਾਮ ਨੇ ਸ਼ਿਰਕਤ ਕੀਤੀ। ਉਨਾਂ ਨੇ ਇਸ ਮੌਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰੰਭ ਕੀਤੇ ਯਤਨਾਂ ਨਾਲ ਲੋਕਾਂ ਨੂੰ ਚੰਗੀਆਂ ਸੇਵਾਵਾਂ ਮਿਲੀਆਂ ਹਨ। ਉਨਾਂ ਨੇ ਇਸ ਮੌਕੇ ਲਾਭਪਾਤਰੀਆਂ ਨੂੰ ਪਰਮਿਟ ਵੀ ਤਕਸੀਮ ਕੀਤੇ। ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਜੱਸੀ ਚਾਵਲਾ, ਸ੍ਰੀ ਨੀਲਾ ਮਦਾਨ, ਸ੍ਰੀ ਹਰਬੰਸ ਸਿੰਘ, ਸ੍ਰੀ ਬਲਦੇਵ ਸਿੰਘ ਵੀ ਹਾਜਰ ਸਨ।