5 Dariya News

ਸ਼ਹਿਰ ਦੀ ਟਰੈਫਿਕ ਵਿਚ ਸੁਧਾਰ ਕਰਨ ਲਈ ਵਿਆਪਕ ਯੋਜਨਾਬੰਦੀ ਉਲੀਕੋ : ਗੁਰਪ੍ਰੀਤ ਸਿੰਘ ਖਹਿਰਾ

34 ਅਹਿਮ ਸੜਕਾਂ ਨੂੰ ਪਹਿਲ ਦੇ ਅਧਾਰ ਉਤ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ

5 Dariya News

ਅੰਮ੍ਰਿਤਸਰ 24-Feb-2021

ਡਿਪਟੀ ਕਮਿਸ਼ਨਰ  ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮਿ੍ਰਤਸਰ ਸ਼ਹਿਰ ਦੀ ਟਰੈਫਿਕ, ਜੋ ਕਿ ਲਾਕ ਡਾਊਨ ਦੀ ਸਮਾਪਤੀ ਦੇ ਨਾਲ ਹੀ ਮੁੜ ਵੱਡੀ ਸਮੱਸਿਆ ਬਣ ਕੇ ਉਭਰਨ ਲੱਗੀ ਹੈ, ਵਿਚ ਸੁਧਾਰ ਕਰਨ ਲਈ ਇਸ ਨਾਲ ਸਬੰਧਤ ਵਿਭਾਗਾਂ ਨੂੰ ਵਿਆਪਕ ਯੋਜਨਾਬੰਦੀ ਉਲੀਕਣ ਦੀ ਹਦਾਇਤ ਕੀਤੀ ਹੈ। ਅੱਜ ਇਸ ਵਿਸ਼ੇ ਉਤੇ ਬੁਲਾਈ ਗਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਸ. ਖਹਿਰਾ ਕਿਹਾ ਕਿ ਅੰਮਿ੍ਰਤਸਰ ਜਿਲ੍ਹੇ ਦਾ ਸਮੁੱਚਾ ਟਰੈਫਿਕ ਪਲਾਨ ਨਵੇਂ ਸਿਰੇ ਤੋਂ ਨਵੇਂ ਪ੍ਰੈਸ਼ਰ ਦੇ ਅਧਾਰ ਉਤੇ ਤਿਆਰ ਕੀਤਾ ਜਾਵੇ। ਉਨਾਂ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਸ਼ਹਿਰ ਦੀਆਂ 34 ਅਜਿਹੀਆਂ ਸੜਕਾਂ ਦੀ ਸ਼ਨਾਖਤ ਕਰਵਾਈ ਹੈ, ਜੋ ਕਿ ਆਵਾਜਾਈ ਪ੍ਰਵਾਹ ਦੇ ਅਧਾਰ ਅਤੇ ਏ ਤੇ ਬੀ ਸ਼੍ਰੇਣੀ ਵਿਚ ਆਉਂਦੀਆਂ ਹਨ। ਉਨਾਂ ਦੱਸਿਆ ਕਿ ਇਹ ਸੜਕਾਂ ਦੀ ਵੰਡ ਸਬੰਧਤ ਐਸ ਡੀ ਐਮ, ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਇਲਾਕੇ ਦੇ ਪੁਲਿਸ ਟ੍ਰੈਫਿਕ ਇੰਚਾਰਜ ਨੂੰ ਕਰ ਦਿੱਤੀ ਗਈ ਹੈ, ਜੋ ਕਿ ਇੰਨਾਂ ਸੜਕਾਂ ਦੀ ਸਮੁੱਚੀ ਹਾਲਤ, ਜਿਸ ਵਿਚ ਸੜਕ ਉਤੇ ਟਰ੍ਰੈਫਿਕ, ਹੋਏ ਨਾਜਾਇਜ਼ ਕਬਜੇ, ਟ੍ਰੈਫਿਕ ਲਾਇਟਾਂ, ਗਲਤ ਪਾਰਕਿੰਗ, ਡਿਵਾਇਡਰ ਆਦਿ ਬਾਰੇ ਵਿਸਥਾਰਤ ਰਿਪੋਰਟ ਦੇਣਗੇ। ਇਸ ਰਿਪੋਰਟ ਦੇ ਅਧਾਰ ਉਤੇ ਸਭ ਤੋਂ ਪਹਿਲਾਂ ਇੰਨਾਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ ਅਤੇ ਫਿਰ ਬਾਕੀ ਸ਼ਹਿਰ ਉਤੇ ਇਹ ਯੋਜਨਾ ਅਮਲ ਵਿਚ ਲਿਆਂਦੀ ਜਾਵੇਗੀ।

ਉਨਾਂ ਮੀਟਿੰਗ ਵਿਚ ਹਾਜ਼ਰ ਪੁਲਿਸ ਅਧਿਕਾਰੀਆਂ ਤੇ ਸੈਕਟਰੀ ਆਰ. ਟੀ. ਏ. ਨੂੰ ਹਦਾਇਤ ਕੀਤੀ ਕਿ ਬਾਹਰਲੇ ਸ਼ਹਿਰਾਂ ਤੇ ਕਸਬਿਆਂ ਦੇ ਪਰਮਿਟ ਨਾਲ ਚੱਲਦੇ ਆਟੋ ਹਰ ਹਾਲਤ ਬੰਦ ਕੀਤੇ ਜਾਣ ਅਤੇ ਪਰਮਿਟ ਨਾਲ ਚੱਲ ਰਹੇ ਆਟੋ ਦੇ ਸੀਸ਼ੇ ਉਤੇ ਪਰਮਿਟ ਦੇ ਸਟਿਕਰ ਲਗਵਾਏ ਜਾਣ, ਤਾਂ ਜੋ ਪੁਲਿਸ ਕਰਮੀਆਂ ਨੂੰ ਇਸ ਦੀ ਜਾਂਚ ਕਰਨ ਵਿਚ ਸੌਖ ਰਹੇ। ਉਨਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਗਲਤ ਸਥਾਨ ਉਤੇ ਖੜੀਆਂ ਗੱਡੀਆਂ ਨੂੰ ਰਿਕਵਰੀ ਵੈਨ ਨਾਲ ਚੁੱਕਣ ਦਾ ਮੁੜ ਪ੍ਰਬੰਧ ਕਰਨ। ਸ. ਖਹਿਰਾ ਨੇ ਇਸ ਲਈ ਪੁਲਿਸ ਨੂੰ ਰਿਕਵਰੀ ਵੈਨਾਂ ਦਾ ਪ੍ਰਬੰਧ ਕਰਕੇ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਆਪਣਾ ਅਮਲਾ ਇਸ ਕੰਮ ਲਈ ਤਿਆਰ ਕਰੋ, ਮੈਂ ਤਹਾਨੂੰ ਇਹ ਪ੍ਰਬੰਧ ਕਰਵਾ ਕੇ ਦਿੰਦਾ ਹਾਂ। ਉਨਾਂ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਲ੍ਹੇ ਭਰ ਦੀਆਂ ਉਹ ਥਾਵਾਂ, ਜਿੱਥੇ ਆਮ ਤੌਰ ਉਤੇ ਵੱਧ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਦੀ ਸ਼ਨਾਖਤ ਕੀਤੀ ਜਾਵੇ ਅਤੇ ਇਹ ਵੇਖਿਆ ਜਾਵੇ ਇਕ ਇੱਥੇ ਕੀ ਕਿਉਂ ਹਾਦਸੇ ਹੁੰਦੇ ਹਨ। ਉਨਾਂ ਕਿਹਾ ਕਿ ਜੋ ਵੀ ਪ੍ਰਬੰਧ ਹਾਦਸੇ ਰੋਕਣ ਲਈ ਉਕਤ ਸਥਾਨ ਉਤੇ ਕਰਨ ਦੀ ਲੋੜ ਹੈ, ਉਹ ਸਬੰਧਤ ਵਿਭਾਗ ਜਿਸ ਦੀ ਮਲਕੀਅਤ ਉਸ ਸੜਕ ਉਤੇ ਹੈ, ਦੀ ਜਿੰਮੇਵਾਰੀ ਇਸ ਨੂੰ ਠੀਕ ਕਰਨ ਉਤੇ ਲਗਾਈ ਜਾਵੇ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਆਰ ਟੀ ਏ ਸੈਕਟਰੀ ਸ੍ਰੀਮਤੀ ਜੋਤੀ ਬਾਲਾ,  ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਐਸ ਡੀ ਐਮ ਸ੍ਰੀਮਤੀ ਅਨਾਇਤ ਗੁਪਤਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ ਡੀ ਸੀ ਪੀ ਜੁਗਰਾਜ ਸਿਘ ਤੇ ਜਸਵੰਤ ਕੌਰ, ਐਸ ਪੀ ਸ. ਕੰਵਲਪ੍ਰੀਤ ਸਿੰਘ ਚਾਹਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।