5 Dariya News

ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਮਾਡਲ ਕਲਾਸ ਰੂਮ ਛੋਟੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਲਈ ਬਣ ਰਹੇ ਹਨ ਖਿੱਚ ਦਾ ਕੇਂਦਰ

ਨਵੇਂ ਵਿੱਦਿਅਕ ਸੈਸ਼ਨ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ।

5 Dariya News

ਬਰਨਾਲਾ 20-Feb-2021

ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ 3-6 ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਕੀਤੀ ਸ਼ੁਰੂਆਤ ਸਮਾਜ ਲਈ ਵਰਦਾਨ ਸਿੱਧ ਹੋ ਰਹੀ ਹੈ। ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬਾਲ ਮਨੋਵਿਗਿਆਨਕ ਨਜ਼ਰੀਏ ਤੋਂ ਤਿਆਰ ਕੀਤੇ ਜਮਾਤ ਕਮਰੇ ਬੱਚਿਆਂ ਅਤੇ ਮਾਪਿਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ।ਵਰਨਣਯੋਗ ਹੈ ਕਿ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਵਿੱਚ 3-6 ਸਾਲਾਂ ਦੇ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜ਼ਾਮ ਦੇਣ ਲਈ ਰੰਗ-ਬਰੰਗੇ ਖਿਡੌਣੇ ਅਤੇ ਆਕਰਸ਼ਕ ਸਿੱਖਣ ਸਮੱਗਰੀ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।ਨਵੰਬਰ, 2017 ਵਿੱਚ ਲਗਭਗ 13 ਹਜ਼ਾਰ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੂਰੁਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਘਰ-ਘਰ ਜਾ ਕੇ 3-6 ਸਾਲ ਦੇ ਬੱਚਿਆਂ ਦਾ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਕੀਤਾ ਅਤੇ ਤਿੰਨ ਸਾਲਾਂ ਵਿੱਚ ਰਿਕਾਰਡ 3.30 ਲੱਖ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਦਾਖ਼ਲ ਕੀਤਾ। ਇਸਦੇ ਨਾਲ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਪੜ੍ਹਾਉਣ ਲਈ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਸਿਖਲਾਈ ਵੀ ਕਰਵਾਈ ਗਈ।ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਚੱਲ ਰਹੀਆਂ ਹਨ।ਨਵੇਂ ਵਿੱਦਿਅਕ ਸੈਸ਼ਨ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ।ਅਧਿਕਾਰੀਆਂ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਜਮਾਤ ਕਮਰਿਆਂ ਨੂੰ ਬਾਲ ਮਨੋਵਿਗਿਆਨ ਨਜ਼ਰੀਏ ਤੋਂ ਤਿਆਰ ਕੀਤਾ ਗਿਆ ਹੈ।

ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਮੁਖੀ ਸ੍ਰ ਹਰਪ੍ਰੀਤ ਸਿੰਘ ਦੀਵਾਨਾ ,ਪ੍ਰੀ ਪ੍ਰਾਇਮਰੀ ਬੱਚਿਆਂ ਦੀ ਅਧਿਆਪਕਾ ਮੈਡਮ ਸਤਵਿੰਦਰ ਕੌਰ ਏਆਈਈ ਅਤੇ ਮੈਡਮ ਰਾਜਵੰਤ ਕੌਰ ਈਟੀਟੀ ਟੀਚਰ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤ ਦੇ ਕਮਰੇ ਨੂੰ ਸਮਾਰਟ ਕਲਾਸਰੂਮ ਵੱਜੋਂ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਈ-ਕੰਟੈਂਟ ਦੁਆਰਾ ਪੜ੍ਹਾਈ ਕਰਵਾ ਕੇ ਸਕੂਲੀ ਸਿੱਖਿਆ ਗ੍ਰਹਿਣ ਕਰਨ ਦੇ ਯੋਗ ਬਣਾਉਣਾ ਮੁੱਖ ਉਦੇਸ਼ ਹੈ। ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅਸਾਨ ਅਤੇ ਪ੍ਰਭਾਵੀ ਬਣਾਉਣ ਲਈ ਰੰਗ ਬਰੰਗੇ ਛੋਟੇ-ਛੋਟੇ ਖਿਡੌਣੇ ਜੋ ਕਿ ਬਹੁਤ ਹੀ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਮਟੀਰੀਅਲ ਨਾਲ ਬਣੇ ਹਨ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਸਥਾਪਿਤ ਕੀਤੇ ਗਏ ਹਨ।ਇਸੇ ਤਰ੍ਹਾਂ ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਧੂ ਪੱਤੀ ਦੇ ਸੈਂਟਰ ਹੈੱਡ ਟੀਚਰ ਸ੍ਰ ਹਰਬੰਸ ਸਿੰਘ ਸੰਘੇੜਾ,ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੀਆਂ ਅਧਿਆਪਕਾਵਾਂ ਮੈਡਮ ਅਮਨਦੀਪ ਕੌਰ ਈਜੀਐਸ ਵਾਲੰਟੀਅਰ ਅਤੇ ਮੈਡਮ ਸਸ਼ੀ ਸ਼ਰਮਾ ਨੇ ਦੱਸਿਆ ਕਿ ਕਮਰੇ ਵਿੱਚ ਬੱਚਿਆਂ ਲਈ ਹਲਕੀਆਂ ਅਤੇ ਗਿਆਨ-ਵਧਾਊ ਖੇਡ ਕਿਰਿਆਵਾਂ ਲਈ ਸਹਾਇਕ ਸਮੱਗਰੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਵਿਭਾਗ ਵੱਲੋਂ ਬੱਚਿਆਂ ਦੇ ਲਈ ਦੁਹਰਾਈ ਸਮੱਗਰੀ ਅਤੇ ਪੜ੍ਹਨ ਲਈ ਮਜ਼ੇਦਾਰ ਕਹਾਣੀਆਂ ਵਾਲੀਆਂ ਕਿਤਾਬਾਂ ਵੀ ਉਪਲੱਧ ਕਰਵਾਈਆਂ ਗਈਆਂ ਹਨ। ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਦੀਆਂ ਰਾਈਮਜ਼ ਅਤੇ ਜ਼ਿੰਗਲ ਵੀ ਕਰਵਾਈਆਂ ਜਾਂਦੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ,ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਅਤੇ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਧਨੌਲਾ ਰੋਡ ਦੇ ਮੁਖੀਆਂ ਨੇ ਦੱਸਿਆ ਕਿ ਖੇਡ ਵਿਧੀ ਰਾਹੀਂ ਸਿੱਖਣ ਵਿਵਸਥਾਵਾਂ ਦੇ ਨਾਲ ਨਾਲ ਸਕੂਲ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਅਤੇ ਸਾਫ਼-ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਸੈਨੀਟਾਈਜ਼ ਸਟੈਂਡ, ਸਾਬਣ, ਤੌਲੀਆ ਅਤੇ ਸੈਨੀਟਾਈਜ਼ਰ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਇਸਤੋਂ ਇਲਾਵਾ ਪ੍ਰੀ-ਪ੍ਰਾਇਮਰੀ ਸਮਾਰਟ ਰੂਮ ਵਿੱਚ ਫਰਸ਼ 'ਤੇ ਵਧੀਆ ਮੈਟਿੰਗ ਕੀਤੀ ਗਈ ਹੈ ਅਤੇ ਦੀਵਾਰਾਂ 'ਤੇ ਰੰਗਦਾਰ ਤਸਵੀਰਾਂ ਵੀ ਬਣਵਾਈਆਂ ਗਈਆਂ ਹਨ। ਛੋਟੇ ਬੱਚਿਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀ ਸਮੱਗਰੀ, ਬੱਚਿਆਂ ਦੇ ਆਰਾਮ ਕਰਨ ਲਈ ਗੱਦੇ ਵੀ ਜਮਾਤ ਦੇ ਕਮਰਿਆਂ ਵਿੱਚ ਰੱਖੇ ਗਏ ਹਨ।