5 Dariya News

ਬਟਾਲਾ ਦੇ ਇਤਿਹਾਸ ਨੂੰ ਰੂਬਰੂ ਕਰਾਉਣ ਲਈ ਅੱਜ ਸ਼ੁਰੂ ਹੋਈ ‘ਬਟਾਲਾ ਹੈਰੀਟੇਜ਼ ਵਾਕ’

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਹਰੀ ਝੰਡੀ ਦਿਖਾ ਕੇ ਯਾਤਰਾ ਨੂੰ ਰਵਾਨਾ ਕੀਤਾ

5 Dariya News

ਬਟਾਲਾ 21-Feb-2021

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਵਿੱਚ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਅੱਜ ‘ਬਟਾਲਾ ਹੈਰੀਟੇਜ਼ ਵਾਕ’ ਦਾ ਅਗਾਜ਼ ਕਰ ਦਿੱਤਾ ਗਿਆ ਹੈ। ਇਸ ਹੈਰੀਟੇਜ਼ ਵਾਕ ਨੂੰ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਬਟਾਲਾ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਕ ਸਥਾਨ ਹਨ ਜਿਨ੍ਹਾਂ ਦੀ ਇਤਿਹਾਸ ਵਿੱਚ ਬਹੁਤ ਜਿਆਦਾ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਡੇਅ ਟੂਰ ਤੋਂ ਬਾਅਦ ਹੁਣ ‘ਬਟਾਲਾ ਹੈਰੀਟੇਜ਼ ਵਾਕ’ ਦੀ ਸ਼ੁਰੂਆਤ ਲੋਕਾਂ ਨੂੰ ਇਤਿਹਾਸ ਤੋਂ ਰੂਬਰੂ ਕਰਵਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਹ ਆਪਣੇ ਇਤਿਹਾਸ ਨੂੰ ਜਾਨਣ ਅਤੇ ਸਿੱਖਣ ਦਾ ਸੁਨਿਹਰੀ ਮੌਕਾ ਹੈ ਅਤੇ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਯਾਦ ਰਹਿਣ ਵਾਲੀਆਂ ਯਾਦਾਂ ਵਿਚੋਂ ਇੱਕ ਹੋ ਨਿਬੜੇਗੀ। ਡਾ. ਨਿੱਝਰ ਨੇ ਕਿਹਾ ਕਿ ਬਟਾਲਾ ਹੈਰੀਟੇਜ਼ ਵਾਕ ਰਾਹੀਂ ਬਟਾਲਾ ਦੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਹੋਰ ਉਜ਼ਾਗਰ ਹੋਵੇਗੀ ਅਤੇ ਬਟਾਲਾ ਸ਼ਹਿਰ ਟੂਰਿਜ਼ਮ ਦੇ ਮੈਪ ਉੱਪਰ ਹੋਰ ਵੀ ਪ੍ਰਮੁੱਖਤਾ ਨਾਲ ਉੱਭਰ ਕੇ ਦੁਨੀਆਂ ਦੇ ਸਾਹਮਣੇ ਆਵੇਗਾ। ਅੱਜ ਸ਼ੁਰੂ ਹੋਈ ਬਟਾਲਾ ਹੈਰੀਟੇਜ਼ ਵਾਕ ਦੀ ਅਰੰਭਤਾ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਹੋਈ, ਜਿਸਦੀ ਅਗਵਾਈ ਜ਼ਿਲ੍ਹਾ ਲੋਕ ਸੰਪਰਕ ਅਫ਼ਤਰ ਇੰਦਰਜੀਤ ਸਿੰਘ ਨੇ ਕੀਤੀ। ਸਭ ਤੋਂ ਪਹਿਲਾਂ ਇਹ ਯਾਤਰਾ ਸ਼ਹਿਰ ਦੇ ਪ੍ਰਮੁੱਖ ਕਾਲਜ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਵਿੱਚ ਪਹੁੰਚੀ ਜਿਥੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦੇ ਦਰਸ਼ਨ ਕੀਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਐਡਵਰਡ ਮਸੀਹ ਨੇ ਹੈਰੀਟੇਜ਼ ਵਾਕ ਵਿੱਚ ਸ਼ਮੂਲੀਅਤ ਕਰ ਰਹੇ ਸਮੂਹ ਵਿਅਕਤੀਆਂ ਦਾ ਸਵਾਗਤ ਕੀਤਾ। ਹੈਰੀਟੇਜ਼ ਵਾਕ ਵਿੱਚ ਸ਼ਮੂਲੀਅਤ ਕਰ ਰਹੇ ਯਾਤਰੂਆਂ ਨੇ ਮਹਾਰਾਜਾ ਸ਼ੇਰ ਸਿੰਘ ਮਹੱਲ ਦੇ ਦਰਸ਼ਨ ਕਰਨ ਦੇ ਨਾਲ ਇਸਦੇ ਇਤਿਹਾਸ ਨੂੰ ਜਾਣਿਆ। 

ਇਸ ਮੌਕੇ ਬੇਰਿੰਗ ਕਾਲਜ ਸਥਿਤ 1897 ਵਿੱਚ ਬਣੀ ਚੈਪਲ ਦੇ ਦਰਸ਼ਨ ਵੀ ਕੀਤੇ ਗਏ।ਇਸ ਉਪਰੰਤ ‘ਹੈਰੀਟੇਜ਼ ਵਾਕ’ ਜਲ ਮਹਿਲ (ਬਾਰਾਂਦਰੀ) ਅਤੇ ਸ਼ਮਸ਼ੇਰ ਖਾਨ ਦੇ ਮਕਬਰੇ ਪਹੁੰਚੀ ਅਤੇ ਇਨ੍ਹਾਂ ਇਤਿਹਾਸਕ ਥਾਵਾਂ ਨੂੰ ਵੀ ਦੇਖਿਆ। ਇਸ ਉਪਰੰਤ ਹੈਰੀਟੇਜ਼ ਵਾਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ੍ਰੀ ਡੇਹਰਾ ਸਾਹਿਬ ਅਤੇ ਕਾਲੀ ਦੁਆਰਾ ਮੰਦਰ ਵਿਖੇ ਵੀ ਨਤਮਸਤਕ ਹੋਈ। ਇਸ ਤੋਂ ਇਲਾਵਾ ਬਟਾਲਾ ਸ਼ਹਿਰ ਦੇ ਹੋਰ ਵੀ ਇਤਿਹਾਸਕ ਥਾਵਾਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ।ਹੈਰੀਟੇਜ਼ ਵਾਕ ਵਿੱਚ ਭਾਗ ਲੈਣ ਵਾਲੇ ਬਟਾਲਾ ਨਿਵਾਸੀ ਹਰਪ੍ਰੀਤ ਸਿੰਘ ਨਿਰਗੁਣ ਨੇ ਆਪਣਾ ਤਜ਼ਬਰਾ ਸਾਂਝਾ ਕਰਦਿਆਂ ਦੱਸਿਆ ਕਿ ਅੱਜ ਦੀ ਹੈਰੀਟੇਜ਼ ਵਾਕ ਵਿੱਚ ਭਾਗ ਲੈ ਕੇ ਉਨ੍ਹਾਂ ਬਟਾਲਾ ਸ਼ਹਿਰ ਨੂੰ ਇੱਕ ਵੱਖਰੇ ਹੀ ਨਜ਼ਰੀਏ ਤੋਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਬਟਾਲਾ ਸ਼ਹਿਰ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ ਜਿਸਦਾ ਅੱਜ ਦੀ ਯਾਤਰਾ ਤੋਂ ਬਾਅਦ ਅਹਿਸਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਟਾਲਾ ਸ਼ਹਿਰ ਦੇ ਇਤਿਹਾਸ ਨੂੰ ਦੇਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਹੈਰੀਟੇਜ ਵਾਕ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।ਇਸਦੇ ਨਾਲ ਹੀ ਅੱਜ ਡੇਅ ਟੂਰ ਤਹਿਤ ਬਟਾਲਾ ਸਰਕਟ ਅਧੀਨ ਪੈਂਦੇ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਵੀ ਰਵਾਨਾ ਕੀਤੀ ਗਈ ਜਿਸ ਵਿੱਚ 40 ਦੇ ਕਰੀਬ ਨੌਜਵਾਨਾਂ ਅਤੇ ਸ਼ਹਿਰੀਆਂ ਨੇ ਭਾਗ ਲਿਆ। ਇਸ ਬੱਸ ਯਾਤਰਾ ਰਾਹੀਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ, ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਰਾਧਾ ਕ੍ਰਿਸ਼ਨ ਮੰਦਰ ਕਿਸ਼ਨ ਕੋਟ, ਭਗਤ ਨਾਮਦੇਵ ਦਰਬਾਰ ਘੁਮਾਣ, ਦਰਗਾਹ ਬਦਰ ਸ਼ਾਹ ਦੀਵਾਨ ਮਸਾਣੀਆਂ, ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ  ਸਾਹਿਬ ਦੇ ਦਰਸ਼ਨ ਕਰਵਾਏ ਗਏ।ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਨੇ ਕਿਹਾ ਕਿ ਬਟਾਲਾ ਹੈਰੀਟੇਜ਼ ਵਾਕ ਅਤੇ ਡੇਅ ਟੂਰ ਤਹਿਤ ਬੱਸ ਹਰ ਐਤਵਾਰ ਨੂੰ ਸਵੇਰੇ 9 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲਿਆ ਕਰੇਗੀ ਅਤੇ ਇਸ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਟਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।