5 Dariya News

ਮਿਸ਼ਨ ਫ਼ਤਹਿ ਤਹਿਤ ਕੋਵਿਡ ਦੇ ਖਾਤਮੇ ਲਈ ਹਰੇਕ ਸ਼ਹਿਰਵਾਸੀ ਦਾ ਸਹਿਯੋਗ ਜ਼ਰੂਰੀ : ਡਾ ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ ਵਿੱਚ ਥਾਂ-ਥਾਂ ਘੁੰਮੇਗਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਚਾਰ ਰਿਕਸ਼ਾ

5 Dariya News

ਨਵਾਂਸ਼ਹਿਰ 18-Feb-2021

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਮੰਤਵ ਕੋਵਿਡ-19 ਦੀ ਮਹਾਂਮਾਰੀ ਨੂੰ ਹਰਾਉਣਾ ਹੈ। ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਜਿੱਥੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ, ਉੱਥੇ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਦੀ ਅਗਵਾਈ 'ਚ ਸ਼ਹਿਰ ਵਿੱਚ ਮਿਸ਼ਨ ਫਤਹਿ ਨੂੰ ਸਫ਼ਲ ਬਣਾ ਕੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲੜੀਵਾਰ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਸ਼ਹਿਰ ਅੰਦਰ ਕੋਵਿਡ-19 ਤੋਂ ਬਚਾਅ ਦੇ ਸੰਦੇਸ਼ ਦੇਣ ਲਈ ਪ੍ਰਚਾਰ ਰਿਕਸ਼ੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪ੍ਰਚਾਰ ਰਿਕਸ਼ੇ ਵਿਚ ਸਾਊਂਡ ਤੇ ਮਾਈਕਿੰਗ ਸਿਸਟਮ ਲੱਗਾ ਹੋਇਆ ਹੈ, ਜਿਸ ਜ਼ਰੀਏ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪ੍ਰਚਾਰ ਰਿਕਸ਼ਾ ਜ਼ਿਲ੍ਹੇ ਵਿਚ ਥਾਂ-ਥਾਂ ਜਾ ਕੇ ਇਸ ਮਾਰੂ ਬੀਮਾਰੀ ਤੋਂ ਬਚਣ ਦਾ ਹੋਕਾ ਦੇਵੇਗਾ।ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖਣ ਲਈ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਉਲੀਕੀ ਪ੍ਰਚਾਰ ਰਿਕਸ਼ਾ ਮੁਹਿੰਮ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੱਥ ਧੋਣ, ਮਾਸਕ ਪਾਉਣ, ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਸਮੇਂ ਦੀ ਲੋੜ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਬਾਜ਼ਾਰ, ਗਲੀ, ਮਹੁੱਲੇ ਅੰਦਰ ਡੋਰ ਟੂ ਡੋਰ ਰਿਕਸ਼ਾ ਰਾਹੀ ਮਿਸ਼ਨ ਫਤਹਿ ਤਹਿਤ ਕੋਵਿਡ ਦੇ ਬਚਾਅ ਬਾਰੇ ਪ੍ਰਚਾਰ ਕੀਤਾ ਜਾਵੇਗਾ।ਡਾ. ਕਪੂਰ ਨੇ ਕਿਹਾ ਕਿ ਬਹੁਤੀਆਂ ਬਿਮਾਰੀਆਂ ਦਾ ਇਲਾਜ ਜਾਗਰੂਕਤਾ ਹੁੰਦੀ ਹੈ। ਬਿਮਾਰੀ ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਹੋਵੇਗੀ, ਓਨਾ ਜ਼ਿਆਦਾ ਬੀਮਾਰੀ ਤੋਂ ਬਚਾਅ ਰਹੇਗਾ।ਸ਼ਹਿਰ ਵਾਸੀਆਂ ਨੂੰ ਕੋਵਿਡ ਦੀ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਨ ਲਈ ਪ੍ਰਚਾਰ ਰਿਕਸ਼ਾ ਰਵਾਨਾ ਕਰਨ ਵੇਲੇ ਸਹਾਇਕ ਸਿਵਲ ਸਰਜਨ ਡਾ ਬਲਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਦਵਿੰਦਰ ਢਾਂਡਾ, ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹਰਪ੍ਰੀਤ ਸਿੰਘ, ਤਰਸੇਮ ਲਾਲ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਵਿਸ਼ੇਸ ਤੌਰ ਉੱਤੇ ਹਾਜ਼ਰ ਰਹੇ।