ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖ਼ਰਤਾ ਹਫ਼ਤਾ ਮਨਾਇਆ
ਬੈਂਕ ਤੋਂ ਲਏ ਕਰਜ਼ੇ ਦੀ ਉਸੇ ਕੰਮ ਲਈ ਹੀ ਕੀਤੀ ਜਾਵੇ ਵਰਤੋਂ: ਸ਼ਾਲਿਨੀ ਜੈਨ
5 Dariya News
ਬਰਨਾਲਾ 13-Feb-2021
ਭਾਰਤੀ ਰਿਜ਼ਰਵ ਬੈਂਕ, ਚੰਡੀਗੜ ਦਫ਼ਤਰ ਤੋਂ ਲੀਡ ਜ਼ਿਲਾ ਅਧਿਕਾਰੀ ਸ੍ਰੀਮਤੀ ਸ਼ਾਲਿਨੀ ਜੈਨ, ਸਹਾਇਕ ਮੁੱਖ ਪ੍ਰਬੰਧਕ ਅਤੇ ਸਤਵੀਰ ਸਿੰਘ ਸਹਾਇਕ ਦੀ ਅਗਵਾਈ ਹੇਠ ਵਿੱਤੀ ਸਾਖ਼ਰਤਾ ਹਫ਼ਤੇ ਤਹਿਤ ਵਿੱਤੀ ਸਾਖ਼ਰਤਾ ਕੈਂਪ ਵਿਜ਼ਟ ਹੋਟਲ, ਬਰਨਾਲਾ ਵਿਖੇ ਲਗਾਇਆ ਗਿਆ।ਇਸ ਮੌਕੇ ਸ੍ਰੀਮਤੀ ਜੈਨ ਨੇ ਦੱਸਿਆ ਕਿ ਵਿੱਤੀ ਸਾਖ਼ਰਤਾ ਹਫ਼ਤਾ ਸਾਲ 2016 ਤੋਂ ਇੱਕ ਫੋਕਸ ਮੁਹਿੰਮ ਤਹਿਤ ਹਰ ਸਾਲ ਬੁਨਿਆਦੀ ਵਿਸ਼ਿਆਂ ਉੱਪਰ ਜਾਗਰੂਕਤਾ ਵਧਾਉਣ ਲਈ ਰਿਜ਼ਰਵ ਬੈਂਕ ਦੀ ਇੱਕ ਪਹਿਲ ਹੈ, ਜੋ ਕਿ ਇਸ ਹਫ਼ਤੇ ਅੰਦਰ ਜਨਤਾ ਦੇ ਵੱਡੇ ਹਿੱਸੇ ਤੱਕ ਵਿੱਤੀ ਸਾਖ਼ਰਤਾ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ।ਉਨਾਂ ਦੱਸਿਆ ਕਿ ਇਸ ਸਾਲ ਕਰਜ਼ਾ ਅਨੁਸ਼ਾਸਨ ਅਤੇ ਰਸਮੀ ਸੰਸਥਾਨਾਂ ਸਬੰਧੀ 8 ਫਰਵਰੀ ਤੋਂ 12 ਫਰਵਰੀ ਦੌਰਾਨ ਇਹ ਹਫ਼ਤਾ ਮਨਾਇਆ ਗਿਆ ਹੈ। ਇਸ ਹਫ਼ਤੇ ਦੌਰਾਨ ਮੁੱਖ ਰੂਪ ਵਿੱਚ ਸਮੇਂ ’ਤੇ ਕਰਜ਼ਾ ਵਾਪਸੀ ਅਤੇ ਕੇਵਲ ਰਸਮੀ ਸੰਸਥਾਨਾਂ ਤੋਂ ਉਧਾਰ ਲੈਣ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਉਨਾਂ ਦੱਸਿਆਂ ਕਿ ਰਿਜ਼ਰਵ ਬੈਂਕ ਨੇ ਆਮ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਉਪਰੋਕਤ ਵਿਸ਼ਿਆਂ ਉੱਪਰ ਪੋਸਟਰ ਅਤੇ ਆਡੀਉ-ਵਿਜ਼ੂਅਲ ਦੇ ਰੂਪ ਵਿੱਚ ਵੀ ਵਿਸ਼ਾ-ਵਸਤੂ ਤਿਆਰ ਕੀਤਾ ਹੈ। ਬੈਂਕਾਂ ਨੂੰ ਵੀ ਸੂਚਿਤਾ ਕੀਤਾ ਗਿਆ ਹੈ ਕਿ ਉਹ ਆਪਣੀਆਂ ਵੈਬਸਾਈਟਾਂ, ਏਟੀਐਮ ਅਤੇ ਬਰਾਂਚਾਂ ਵਿੱਚ ਲੱਗੇ ਡਿਜੀਟਲ ਡਿਸਪਲੇਅ ਬੋਰਡਾਂ ਉੱਪਰ ਰਿਜ਼ਰਵ ਬੈਂਕ ਦੁਆਰਾ ਤਿਆਰ ਕੀਤੇ ਪੋਸਟਰ ਲਗਾ ਕੇ ਐਫ.ਐਲ.ਡਬਲਯੂ-2021 ਥੀਮ ਉੱਪਰ ਆਪਣੇ ਗਾਹਕਾਂ ਅਤੇ ਜਨਤਾ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਦੀ ਪਹਿਲ ਕੀਤੀ ਹੈ। ਸ੍ਰ੍ਰੀਮਤੀ ਜੈਨ ਨੇ ਇਹ ਵੀ ਦੱਸਿਆ ਕਿ ਬੈਂਕਾਂ ਤੋਂ ਲਏ ਕਰਜ਼ੇ ਦੀ ਉਸੇ ਕੰਮ ਲਈ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਰਜ਼ਾ ਅਸਾਨੀ ਨਾਲ ਵਾਪਸ ਹੋ ਸਕੇ।ਇਸ ਕੈਂਪ ਵਿੱਚ ਸ੍ਰੀ ਮਹਿੰਦਰ ਪਾਲ ਗਰਗ ਐਲਡੀਐਮ, ਐਸ.ਬੀ.ਆਈ, ਬਰਨਾਲਾ, ਸ੍ਰੀ ਮਾਨਵਪ੍ਰੀਤ ਸਿੰਘ ਡੀਡੀਐਮ, ਨਾਬਾਰਡ, ਸ੍ਰੀ ਜਗਮੋਹਨ ਬਾਂਸਲ (ਮੁੱਖ ਪ੍ਰਬੰਧਕ ਐਸ.ਬੀ.ਆਈ, ਡੀ.ਐਸ.ਐਚ, ਬਰਨਾਲਾ, ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ, ਐਸ.ਬੀ.ਆਈ ਆਰਸੈਟੀ, ਬਰਨਾਲਾ, ਸ੍ਰੀ ਅਮਨਦੀਪ ਸਿੰਘ ਐਨ.ਆਰ.ਐਲ.ਐਮ, ਬਰਨਾਲਾ ਅਤੇ ਸ੍ਰੀਮਤੀ ਮਨਮੋਹਨ ਕੌਰ ਡੀ.ਸੀ.ਓ, ਪੰਜਾਬ ਗ੍ਰਾਮੀਣ ਬੈਂਕ, ਬਰਨਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ।