5 Dariya News

ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਵਿਖਾਵਾ ਕਰਨ ਵਾਲੇ ਚੰਡੀਗੜ੍ਹੀਆਂ ਦੀ ਹੌਸਲਾ ਅਫਜ਼ਾਈ ਕੀਤੀ

5 Dariya News

ਚੰਡੀਗਡ਼੍ਹ 09-Feb-2021

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗਡ਼੍ਹ ਦੇ ਮਟਕਾ ਚੌਕ ਤੇ ਪੁੱਜ ਕੇ ਪਿਛਲੇ ਇਕ ਮਹੀਨੇ ਤੋਂ  ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਵਿਖਾਵਾ ਕਰਨ ਵਾਲੇ ਚੰਡੀਗੜ੍ਹੀਆਂ ਦੀ ਹੌਸਲਾ ਅਫਜ਼ਾਈ ਕੀਤੀ । ਉਨ੍ਹਾਂ ਇੱਥੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਝੂਠ ਦੀ ਬੁਨਿਆਦ ਤੇ ਖੜ੍ਹੀ ਹੈ । ਉਹ ਖੇਤੀ ਕਾਨੂੰਨਾਂ ਤੇ  ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ  । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਪੂਰੇ ਮੁਲਕ ਦਾ ਇਕ ਜਨ ਅੰਦੋਲਨ ਬਣ ਗਿਆ ਹੈ । ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਇਸ  ਅੰਦੋਲਨ ਅੱਗੇ ਝੁਕਣਾ ਪਵੇਗਾ ਅਤੇ ਆਪਣੇ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ । 

ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਬੈਠਿਆਂ ਨੂੰ ਇਹ ਗੱਲ ਸੁਣ ਕੇ ਬੜੀ ਖੁਸ਼ੀ ਅਤੇ ਸਕੂਨ ਮਿਲਦਾ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਲੋਕ ਹੁਣ ਸੜਕਾਂ ਤੇ ਨਿਕਲ ਆਏ ਹਨ।ਉਨ੍ਹਾਂ ਰੋਜ਼ ਚੰਡੀਗੜ੍ਹ ਦੇ ਚੌਕਾਂ ਤੇ ਖੜ੍ਹਦੇ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚੇ ਨੌਜਵਾਨ ਬਜ਼ੁਰਗ ਜਿਸ ਤਰ੍ਹਾਂ ਸੜਕਾਂ ਤੇ ਖੜ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਦੇ ਰਹੇ ਹਨ । ਸਰਕਾਰ ਨੂੰ ਇਸਦੇ ਬਾਰੇ ਸੋਚਣਾ ਪਵੇਗਾ । ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਸ਼ਕਤੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਏਗੀ  । ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਅਵਾਮ ਸਰਕਾਰ ਦੇ ਮੁਖ਼ਾਲਫ਼ਤ ਤੇ ਉਤਰ ਆਵੇ ਉਦੋਂ ਸਰਕਾਰਾਂ ਨੂੰ ਆਪਣੇ ਫ਼ੈਸਲਿਆਂ ਤੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਕਾਲੇ ਕਾਨੂੰਨਾਂ ਦੇ ਬਾਰੇ ਮੰਥਨ ਕਰੇ ਅਤੇ ਇਨ੍ਹਾਂ ਨੂੰ  ਵਾਪਿਸ ਲਵੇ । ਉਨ੍ਹਾਂ ਕਿਹਾ ਕਿ ਅੰਦੋਲਨ ਜਿੰਨਾ ਮਰਜ਼ੀ ਲੰਬਾ ਚੱਲ ਜਾਵੇ ਜਦੋਂ ਤਕ ਬਿੱਲ ਵਾਪਸ ਨਹੀਂ ਹੁੰਦੇ ਉਦੋਂ ਤੱਕ ਦਿੱਲੀ ਤੋਂ ਵਾਪਸੀ ਨਹੀਂ ਹੋਵੇਗੀ  । ਇਸ ਮੌਕੇ ਤੇ ਕਿਸਾਨ ਨੇਤਾ ਪਰਮਿੰਦਰ ਸਿੰਘ ਚਲਾਕੀ ਰਿਟਾਇਰਡ ਆਈਏਐਸ ਅਫ਼ਸਰ ਕੁਲਬੀਰ ਸਿੰਘ ਸਿੱਧੂ ਗੁਰਮੀਤ ਸਿੰਘ ਸ਼ਾਂਟੂ ਪ੍ਰੋ ਮਨਜੀਤ ਸਿੰਘ ਰਾਜਦੀਪ ਕੌਰ ਗਿੱਲ ਸੁਨੀਲ ਕੰਬੋਜ਼ ਅਤੇ ਸੁਖਵਿੰਦਰ ਸਿੱਧੂ ਆਦਿ ਮੌਜੂਦ ਸਨ ।