ਪੰਜਾਬ ਸਰਕਾਰ ਵੱਲੋਂ ਸੇਵਾਂ ਕੇਂਦਰਾਂ ਵਿੱਚ 56 ਹੋਰ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ
ਮੁੱਖ ਮੰਤਰੀ ਵੱਲੋਂ ਪੂਰੇ ਰਾਜ ਵਿੱਚ ਸੇਵਾਵਾਂ ਦੀ ਵਰਚੁਅਲ ਸ਼ੁਰੂਆਤ
5 Dariya News
ਫਿਰੋਜ਼ਪੁਰ 09-Feb-2021
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਨਾਗਰਿਕਾਂ ਨੂੰ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਇਕੋਂ ਛੱਤ ਹੇਠ ਮੁਹੱਈਆ ਕਰਾਉਣ ਦੇ ਕੀਤੇ ਜਾ ਰਹੇ ਉਪਰਾਲੇ ਦੀ ਕੜੀ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਵੱਲੋਂ ਅੱਜ ਸਮੁੱਚੇ ਰਾਜ ਵਿੱਚ ਸੇਵਾਂ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਹੋਰ ਵਾਧਾ ਕਰਦਿਆਂ ਇਸ ਵਿੱਚ 56 ਹੋਰ ਨਾਗਰਿਕ ਸੇਵਾਵਾਂ ਸ਼ਾਮਲ ਕਰਕੇ ਰਾਜ ਦੇ ਵਸਨੀਕਾਂ ਨੂੰ ਸੇਵਾਂ ਕੇਂਦਰਾਂ ਵਿੱਚ ਮਿਲ ਰਹੀਆਂ ਸੇਵਾਵਾਂ ਵਿੱਚ ਹੋਰ ਵਾਧਾ ਕੀਤਾ ਹੈ।ਅੱਜ ਰਾਜ ਦੇ 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਵਰਚੁਅਲ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਾਗਰਿਕ ਸੇਵਾਵਾਂ ਜੋ ਕਿ ਸੇਵਾ ਕੇਂਦਰਾਂ ਵਿੱਚ ਉਪਬਲਧ ਕਰਵਾਈਆਂ ਜਾ ਰਹੀਆਂ ਹਨ ਦੀ ਗਿਣਤੀ 500 ਤੱਕ ਕਰਨ ਦੀ ਯੋਜਨਾ ਹੈ। ਉਨਾਂ ਕਿਹਾ ਕਿ ਅੱਜ ਮਾਲ ਵਿਭਾਗ, ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ 56 ਸੇਵਾਵਾਂ ਵੀ ਸੇਵਾਂ ਕੇਂਦਰਾਂ ਤੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਕਿ ਰਾਜ ਸਰਕਾਰ ਅਤੇ ਰਾਜ ਦੇ ਨਾਗਰਿਕ ਹਿੱਤਾਂ ਲਈ ਬਹੁਤ ਵੱਡਾ ਉਪਰਾਲਾ ਹੈ।ਇਸ ਸਬੰਧੀ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਡੀਸੀ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਇਆ ਜਿਸ ਵਿੱਚ ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ 271 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ ਅਤੇ ਅੱਜ 56 ਹੋਰ ਸੇਵਾਵਾਂ ਜੁੜਨ ਨਾਲ ਇਨਾਂ ਦੀ ਗਿਣਤੀ 327 ਤੱਕ ਹੋ ਗਈ ਹੈ। ਇਨਾਂ ਸੇਵਾਵਾਂ ਦੇ ਇੱਕੋਂ ਥਾਂ ਤੇ ਉਪਬਲਧ ਹੋਣ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੀ ਭਾਰੀ ਬਚਤ ਹੋਵੇਗੀ। ਉਨਾਂ ਕਿਹਾ ਕਿ ਅੱਜ ਦੀਆਂ ਇਨਾਂ ਸੇਵਾਵਾਂ ਵਿੱਚ ਮਾਲ ਵਿਭਾਗ, ਫਰਦ ਦੀ ਨਕਲ, ਪੁਲਿਸ ਸਾਂਝ ਕੇਂਦਰ ਸੇਵਾਵਾਂ ਜਿਵੇਂ ਕਿ ਨਾਗਰਿਕ ਸ਼ਿਕਾਇਤ, ਐਫ.ਆਰ.ਆਈ./ਡੀ.ਡੀ.ਆਰ./ਰਿਪੋਰਟ ਦੀਆਂ ਨਕਲਾਂ, ਹਰ ਤਰਾਂ ਦਾ ਪੁਲਿਸ ਤਸਦੀਕੀਕਰਨ, ਹਰ ਤਰਾਂ ਦੀ ਐਨ.ਓ.ਸੀ. ਅਤੇ ਪੁਲਿਸ ਪ੍ਰਵਾਨਗੀਆਂ ਆਦਿ ਨਾਲ ਸਬੰਧਤ ਸੇਵਾਵਾਂ ਵੀ ਸ਼ਾਮਲ ਹਨ। ਇਸੇ ਤਰਾਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਡਰਾਈਵਿੰਗ ਲਾਇਸੰਸ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਹਰ ਤਰਾਂ ਦੀ ਐਨ.ਓ.ਸੀ. ਸਮੇਤ 35 ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਦਾ ਲੋਕਾਂ ਨੂੰ ਭਾਰੀ ਲਾਭ ਪੱਜੇਗਾ। ਉਨ੍ਹਾਂ ਨੇ ਇਸ ਉਪਰੰਤ ਸੇਵਾ ਕੇਂਦਰਾਂ ਨਾਲ ਵੱਖ ਵੱਖ ਤਰਾਂ ਦੇ ਸੇਵਾ ਲੈਣ ਵਾਲੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਵੱਖ ਵੱਖ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ਪਿੰਡ ਅਟਾਰੀ ਦੀ ਸਰਪੰਚ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਰਾਜਦੀਪ ਕੌਰ, ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਐੱਸੀ.ਪੀ ਬਲਬੀਰ ਸਿੰਘ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਰਾਜੇਸ਼ ਕੁਮਾਰ ਅਤੇ ਸ੍ਰੀਮਤੀ ਸੁਰਜੀਤ ਕੌਰ ਆਦਿ ਵੀ ਹਾਜ਼ਰ ਸਨ।