ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਬਟਾਲਾ ਤੋਂ ਦੂਸਰੀ ਯਾਤਰੂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਇੱਕ ਰੋਜ਼ਾ ਧਾਰਮਿਕ ਤੇ ਇਤਿਹਾਸਕ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ
5 Dariya News
ਬਟਾਲਾ 07-Feb-2021
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਜੀ ਦੀ ਯੋਗ ਅਗਵਾਈ ਹੇਠ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਜ਼ਿਲੇ ਦੇ ਧਾਰਿਮਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਅੱਜ ਬਟਾਲਾ ਤੋਂ ਦੂਸਰੀ ਬੱਸ ਯਾਤਰਾ ਰਵਾਨਾ ਕੀਤੀ ਗਈ। ਇਸ ਯਾਤਰੀ ਬੱਸ ਨੂੰ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਅੱਜ ਦੀ ਇਸ ਮੁਫ਼ਤ ਯਾਤਰਾ ਤਹਿਤ ਯਾਤਰੂਆਂ ਨੂੰ ਛੋਟਾ ਘੱਲੂਘਾਰਾ ਸਮਾਰਕ, ਗੁਰਦੁਆਰਾ ਸ੍ਰੀ ਛੋਟਾ ਘੱਲੂਘਾਰਾ ਸਾਹਿਬ ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਵਿਖੇ ਲਾਹੌਰੀ ਦਰਵਾਜ਼ਾ, ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਰਾਧਾ ਕਿ੍ਰਸ਼ਨ ਮੰਦਰ ਪਿੰਡ ਕਿਸ਼ਨ ਕੋਟ, ਨਾਮਦੇਵ ਦਰਬਾਰ ਘੁਮਾਣ, ਬਦਰ ਸ਼ਾਹ ਦੀਵਾਨ ਦੀ ਮਜ਼ਾਰ ਪਿੰਡ ਮਸਾਣੀਆਂ, ਅਚਲੇਸ਼ਵਰ ਧਾਮ, ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਵਾਏ ਗਏ। ਇਸ ਮੁਫ਼ਤ ਯਾਤਰਾ ਨੂੰ ਜ਼ਿਲੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਅੱਜ ਦੀ ਯਾਤਰਾ ਵਿੱਚ ਬੱਚੇ, ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਸਮੇਤ 40 ਯਾਤਰੂ ਸ਼ਾਮਲ ਸਨ।ਯਾਤਰਾ ਨੂੰ ਰਵਾਨਾ ਕਰਨ ਮੌਕੇ ਐੱਸ.ਐੱਸ.ਪੀ. ਬਟਾਲਾ. ਸ਼. ਰਛਪਾਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਸ਼ੁਰੂ ਕੀਤਾ ਮੁਫ਼ਤ ਯਾਤਰਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਾਲ ਸਾਡੇ ਜ਼ਿਲੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਉਨਾਂ ਕਿਹਾ ਕਿ ਅਕਸਰ ਹੀ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਅਨੁਸਾਰ ਸਾਨੂੰ ਆਪਣੇ ਆਲੇ ਦੁਆਲੇ ਦੇ ਵੱਡੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਨਹੀਂ ਹੁੰਦੀ।ਉਨਾਂ ਕਿਹਾ ਕਿ ਇਸ ਯਾਤਰਾ ਜਰੀਏ ਹਰ ਕੋਈ ਜ਼ਿਲਾ ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਨਾਲ ਉਨਾਂ ਦੇ ਇਤਿਹਾਸ ਨੂੰ ਜਾਣ ਸਕੇਗਾ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਤਾਂ ਇਹ ਯਾਤਰਾ ਸਿੱਖਣ ਦਾ ਇੱਕ ਬਹੁਤ ਵਧੀਆ ਸਬੱਬ ਹੈ ਜਿਸ ਤੋਂ ਹਰ ਕਿਸੇ ਨੂੰ ਲਾਭ ਉਠਾਉਣਾ ਚਾਹੀਦਾ ਹੈ।ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਲੱਗੇ ਲੰਮੇ ਸਮੇਂ ਦੇ ਲਾਕ-ਡਾਊਨ ਤੋਂ ਬਾਅਦ ਇਹ ਬੱਚਿਆਂ ਅਤੇ ਨੌਜਵਾਨਾਂ ਲਈ ‘ਆਊਟਿੰਗ’ ਦਾ ਇੱਕ ਵਧੀਆ ਮੌਕਾ ਹੈ। ਐੱਸ.ਐੱਸ.ਪੀ. ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਸ਼ੁਰੂ ਕੀਤੇ ਇਸ ਉਪਰਾਲੇ ਨੂੰ ਹੋਰ ਵੀ ਉਤਸ਼ਾਹਤ ਕਰਨ।ਇਸ ਯਾਤਰੂ ਬੱਸ ਨੂੰ ਰਵਾਨਾ ਕਰਨ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਪਿ੍ਰੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਤਿੰਦਰ ਮਹਾਜਨ, ਗਾਈਡ ਹਰਬਖਸ਼ ਸਿੰਘ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ, ਲੈਕਚਰਾਰ ਜਸਬੀਰ ਸਿੰਘ, ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ, ਅਨਿਲ ਸਹਿਦੇਵ ਵੀ ਮੌਜੂਦ ਸਨ।