5 Dariya News

ਸਮਾਣਾ ਪੁੱਜੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਕੈਪਟਨ ਸਰਕਾਰ ਨੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਰਾਜ ਦਾ ਵਿਕਾਸ ਕਰਵਾਇਆ-ਪ੍ਰਨੀਤ ਕੌਰ

5 Dariya News

ਸਮਾਣਾ(ਪਟਿਆਲਾ) 06-Feb-2021

ਅੱਜ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸਮਾਣਾ ਪੁੱਜੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਚਹੁੰਪੱਖੀ ਵਿਕਾਸ ਲਈ ਬਿਨ੍ਹਾਂ ਕਿਸੇ ਵਿਤਕਰੇ ਤੋਂ ਗ੍ਰਾਂਟਾਂ ਜਾਰੀ ਕਰਕੇ ਫੰਡ ਖ਼ਰਚੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ 'ਚ ਵਿਕਾਸ ਦੇ ਕੰਮਾਂ ਦੇ ਨਾਮ 'ਤੇ ਵੋਟਾਂ ਮੰਗ ਰਹੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਸਮਾਣਾ ਸ਼ਹਿਰ 'ਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ।ਪ੍ਰਨੀਤ ਕੌਰ ਨੇ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨਾਲ ਗਰੀਨ ਟਾਊਨ, ਐਮ.ਸੀ. ਚੌਂਕ, ਮਲਕਾਣਾ ਪੱਤੀ ਅਤੇ ਅੰਬੇਡਕਰ ਚੌਂਕ ਵਿਖੇ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਨੂੰ 50 ਫੀਸਦੀ ਰਾਖਵੇਂਕਰਨ ਦਾ ਹੱਕ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋਕੇ ਆਪਣੇ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ।ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ, ਰਾਜ ਦੇ ਹਰ ਵਰਗਾਂ ਦੀ ਭਲਾਈ ਅਤੇ ਸੂਬੇ ਦੇ ਚਹੁੰਤਰਫ਼ੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾ ਰਹੀ ਹੈ। ਉਨ੍ਹਾਂ ਨੇ ਸਮਾਣਾ ਸ਼ਹਿਰ ਲਈ ਐਮ.ਐਲ.ਏ. ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਲਾਮਿਸਾਲ ਦੱਸਦਿਆਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਕਿ ਸ਼ਹਿਰ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਨਿਰਵਿਘਨ ਨੇਪਰੇ ਚੜ੍ਹਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਮਾਣਾ ਨੇ ਉਨ੍ਹਾਂ ਨੂੰ 5 ਵਾਰ ਵੋਟਾਂ ਪਾ ਕੇ ਜਿਤਾਇਆ ਹੈ।

ਪ੍ਰਨੀਤ ਕੌਰ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ, ਫੇਰ ਕਰਜ਼ਾ ਮੁਆਫ਼ੀ ਨਾਲ ਕਿਸਾਨੀ ਅਤੇ ਨਸ਼ਿਆਂ ਦਾ ਲੱਕ ਤੋੜ ਕੇ ਜਵਾਨੀ ਦੀ ਰਾਖੀ ਕੀਤੀ ਅਤੇ ਹੁਣ ਫੇਰ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕਾਂ ਲਈ ਡੱਟਕੇ ਅਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ 'ਚ 10 ਸਾਲ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕੀਤਾ ਅਤੇ ਕੇਂਦਰ 'ਚ ਮੋਦੀ ਸਰਕਾਰ ਨਾਲ ਹਿੱਸੇਦਾਰੀ ਪਾਲਦੇ ਹੋਏ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਪਰੰਤੂ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਗਠਜੋੜ ਤੋੜਨਾ ਇਨ੍ਹਾਂ ਦੀ ਮਜਬੂਰੀ ਬਣ ਗਈ।ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਆਪਣੇ ਹੱਕਾਂ ਦੀ ਆਵਾਜ ਉਠਾ ਰਹੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ, ਜਿਸ ਕਰਕੇ ਅੱਜ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਿਹਾ ਹੈ ਪਰੰਤੂ ਅੰਤ ਨੂੰ ਮੋਦੀ ਸਰਕਾਰ ਨੂੰ ਲੋਕਾਂ ਅੱਗੇ ਝੁਕਣਾ ਹੀ ਪਵੇਗਾ।ਇਸ ਮੌਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਸਮਾਣਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਸਮਾਣਾ ਸ਼ਹਿਰ 'ਚ ਹੋਏ ਵਿਕਾਸ ਕਾਰਜਾਂ ਨੂੰ ਗਿਣਾਉਂਦਿਆਂ ਕਿਹਾ ਕਿ ਪਹਿਲਾਂ ਵੀ ਇੱਥੇ ਕਰੋੜਾਂ ਰੁਪਏ ਦੇ ਕਾਰਜ ਕਰਵਾਏ ਗਏ ਹਨ ਅਤੇ ਇਸ ਲਈ ਸ਼ਹਿਰ ਵਾਸੀ ਵਿਰੋਧੀ ਪਾਰਟੀਆਂ ਦੇ ਬਹਿਕਾਵੇ 'ਚ ਨਹੀਂ ਆਉਣਗੇ ਅਤੇ ਸਾਰੇ ਕਾਂਗਰਸੀ ਉਮੀਦਵਾਰ ਭਾਰੀ ਬਹੁਮੱਤ ਨਾਲ ਜਿੱਤਣਗੇ।ਸ਼ਿਵ ਕੁਮਾਰ ਘੱਗਾ, ਚਰਨ ਦਾਸ ਗੁਪਤਾ, ਪ੍ਰੇਮ ਪਾਲ, ਪ੍ਰਦੁਮਨ ਸਿੰਘ ਵਿਰਕ, ਪਵਨ ਬਾਂਸਲ, ਬਾਲੀ ਕੋਚਰ, ਅਰਜਨ ਸਿੰਘ, ਮੋਹਨ ਲਾਲ ਸ਼ਰਮਾ, ਮੋਂਟੂ ਸਿੰਗਲਾ, ਜਸਕਰਨ ਵੜੈਚ, ਯਸ਼ਪਾਲ ਸਿੰਗਲਾ, ਹੀਰਾ ਜੈਨ, ਹਰੀਰਾਮ ਵਰਮਾ, ਰਤਨ ਚੀਮਾ, ਸ਼ੰਕਰ ਜਿੰਦਲ, ਦਿਨੇਸ਼ ਜੈਨ, ਮੰਗਤ ਸਿੰਗਲਾ, ਮੰਗਤ ਰਾਏ, ਮੰਗਤ ਸਿੰਗਲਾ, ਰਾਜਿੰਦਰ ਬਾਲੀ, ਲਾਡੀ ਸਰਪੰਚ, ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਪ੍ਰਮੋਦ ਸਿੰਗਲਾ, ਜੀਵਨ ਗਰਗ, ਸ਼ਾਮ ਸਿੰਗਲਾ, ਚਾਂਦ ਵਰਮਾ, ਸ਼ੰਕਰ ਜਿੰਦਲ, ਰਕੇਸ਼ ਜਿੰਦਲ, ਡਾ. ਸਤਪਾਲ ਜੌਹਰੀ, ਗੋਪਾਲ ਕੁਮਾਰ, ਪ੍ਰਦੀਪ ਸ਼ਰਮਾ, ਪਵਨ ਸ਼ਾਸਤਰੀ ਅਤੇ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।