5 Dariya News

ਆਂਗਨਵਾੜੀ ਸੈਂਟਰਾਂ ਵਿਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਕੇ ਸਰਕਾਰ ਨੇ ਬੱਚਿਆਂ ਪ੍ਰਤੀ ਆਪਣਾ ਫ਼ਰਜ ਨਿਭਾਇਆ-ਰਵਿੰਦਰ ਕੌਰ

ਬਲਾਕ ਡੇਰਾਬਸੀ ਦੇ 117, ਖਰੜ ਦੇ 228 ਅਤੇ ਮਾਜਰੀ ਦੇ 133 ਆਂਗਨਵਾੜੀ ਕੇਂਦਰਾਂ ਸਮੇਤ ਪੇਂਡੂ ਖੇਤਰ ਦੀਆਂ 478 ਆਂਗਨਵਾੜੀਆਂ ਵਿਚ ਪਾਇਪਾਂ ਰਾਹੀਂ ਪਾਣੀ ਦੀ ਕੀਤੀ ਜਾ ਰਹੀ ਹੈ ਸਿੱਧੀ ਸਪਲਾਈ

5 Dariya News

ਐਸ.ਏ.ਐਸ.ਨਗਰ 05-Feb-2021

ਬੱਚੇ ਸਾਡੇ ਸੂਬੇ ਦਾ ਅਤੇ ਦੇਸ਼ ਦਾ ਭਵਿੱਖ ਹਨ। ਉਹਨਾਂ ਦਾ ਸਿਹਤਮੰਦ ਹੋਣਾ ਲਾਜ਼ਮੀ ਹੈ। ਪੰਜਾਬ ਸਰਕਾਰ ਨੇ ਆਂਗਨਵਾੜੀ ਕੇਂਦਰਾਂ ਵਿਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਕੇ ਬੱਚਿਆਂ ਪ੍ਰਤੀ ਆਪਣਾ ਮੁੱਢਲਾ ਫ਼ਰਜ ਨਿਭਾਇਆ ਹੈ। ਇਹ ਪ੍ਰਗਟਾਵਾ ਸ੍ਰੀਮਤੀ ਰਵਿੰਦਰ ਕੌਰ ਆਂਗਨਵਾੜੀ ਵਰਕਰ ਸਰਕਾਰੀ ਪ੍ਰਾਇਮਰੀ ਸਕੂਲ ਸਿਊਂਕ ਨੇ ਕੀਤਾ।ਉਹਨਾਂ ਕਿਹਾ ਕਿ ਦੂਸ਼ਿਤ ਪਾਣੀ ਬਿਮਾਰੀਆਂ ਦਾ ਕਾਰਨ ਬਣਦਾ ਹੈ। ਬੱਚਿਆਂ ਦੀ ਨਰੋਈ ਸਿਹਤ ਯਕੀਨੀ ਬਣਾਉਣ ਲਈ ਜ਼ਰੂਰੀ  ਹੈ ਕਿ ਉਹਨਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਸਾਰੇ ਆਂਗਨਵਾੜੀ ਵਰਕਰ ਇਸ ਗੱਲ ਤੋਂ ਖੁਸ਼ ਹਨ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਆਂਗਨਵਾੜੀ ਕੇਂਦਰਾਂ ਨੂੰ ਪਾਇਪਾਂ ਰਾਹੀਂ ਸਾਫ਼ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੀ ਸ਼ੁੱਧਤਾ ਦੀ ਜਾਂਚ ਲਈ ਸਮੇਂ-ਸਮੇਂ 'ਤੇ ਜਲ ਸਪਲਾਈ ਵਿਭਾਗ ਵਲੋਂ ਪਾਣੀ ਦੇ ਸੈਂਪਲ ਵੀ ਭਰੇ ਜਾਂਦੇ ਹਨ। 

ਸ੍ਰੀਮਤੀ ਰਵਿੰਦਰ ਕੌਰ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਨਾ ਸਿਰਫ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਈਏ ਬਲਕਿ ਪਖਾਨਿਆਂ ਵਿਚ ਵੀ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਈਏ। ਉਹਨਾਂ ਕਿਹਾ ਕਿ ਜੇਕਰ ਆਂਗਨਵਾੜੀਆਂ ਦੇ ਪਖਾਨਿਆਂ ਵਿਚ ਪਾਣੀ ਦੀ ਸਪਲਾਈ ਉਪਲੱਬਧ ਹੋਵੇਗੀ ਤਾਂ ਹੀ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਹਾਈਜੀਨ ਅਤੇ ਸੈਨੀਟੇਸ਼ਨ ਬਾਰੇ ਸਮਝ ਆਵੇਗੀ ਅਤੇ ਉਹ ਇਸ ਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾਉਣਗੇ। ਉਹਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਲ ਸਪਲਾਈ ਵਿਭਾਗ ਵਲੋਂ ਸਾਰੇ ਪਿੰਡਾਂ ਦੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਦੇ ਹੱਥ ਧੋਣ, ਪੀਣ ਲਈ ਅਤੇ ਪਖਾਨਿਆਂ ਵਿਚ ਵਰਤੋਂ ਲਈ ਪਾਣੀ ਦੀ ਸਹੂਲਤ ਉਪਲੱਬਧ ਹੈ।ਜ਼ਿਲ੍ਹਾ ਐਸਏਐਸ ਨਗਰ ਦੇ ਡੇਰਾਬਸੀ ਬਲਾਕ ਵਿਚ 117, ਖਰੜ 'ਚ 228 ਅਤੇ ਮਾਜਰੀ 'ਚ 133 ਆਂਗਨਵਾੜੀਆਂ ਕੇਂਦਰਾਂ ਸਮੇਤ ਪੇਂਡੂ ਖੇਤਰਾਂ ਦੇ 478 ਆਂਗਨਵਾੜੀ ਕੇਂਦਰਾਂ ਵਿਚ ਪਾਇਪਾਂ ਰਾਹੀਂ ਪਾਣੀ ਦੀ ਸਿੱਧੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰੇਨ ਵਾਟਰ ਹਾਰਵੈਸਟਿੰਗ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਤਹਿਤ 37 ਆਂਗਨਵਾੜੀ ਕੇਂਦਰਾਂ ਵਿਚ ਮੀਂਹ ਦੇ ਪਾਣੀ ਦੀ ਮੁੜ ਵਰਤੋਂ ਲਈ ਪ੍ਰਬੰਧ ਕੀਤੇ ਗਏ ਹਨ। ਇੰਨਾਂ ਹੀ ਨਹੀਂ ਗ੍ਰੇ ਵਾਟਰ ਮੈਨੇਜਮੈਂਟ ਤਹਿਤ ਖਾਣਾ ਬਣਾਉਣ ਵਾਲੀ ਥਾਂ, ਹੱਥ ਧੋਣ ਆਦਿ ਵਾਲੀਆਂ ਥਾਵਾਂ ਦਾ ਪਾਣੀ, ਜਿਸ ਵਿਚ ਪਖਾਨਿਆਂ ਦਾ ਮਲ-ਮੂਤਰ ਵਾਲਾ ਪਾਣੀ ਨਾ ਸ਼ਾਮਲ ਹੋਵੇ, ਨੂੰ ਵੀ ਵਰਤੋਂ ਵਿਚ ਲਿਆਉਣ ਲਈ 11 ਵੱਖ-ਵੱਖ ਆਂਗਨਵਾੜੀ ਕੇਂਦਰਾਂ ਵਿਚ ਉਪਰਾਲੇ ਕੀਤੇ ਜਾ ਰਹੇ ਹਨ।