5 Dariya News

ਡੀ ਸੀ ਤੇ ਐਸ.ਐਸ.ਪੀ. ਨੇ ਟਿੱਪਰ-ਟਰਾਲਿਆਂ ਤੇ ਲਗਾਏ ਰਿਫਲੈਕਟਰ

ਜ਼ਿਲੇ ਚ ਟ੍ਰੈਫਿਕ ਪੁਲੀਸ ਮਨਾ ਰਹੀ ਹੈ 32ਵਾਂ ਸੜਕ ਸੁਰੱਖਿਆ ਮਹੀਨਾ

5 Dariya News

ਫਤਹਿਗੜ੍ਹ ਸਾਹਿਬ 02-Feb-2021

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 32ਵੇਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ ਅਮਨੀਤ ਕੌਂਡਲ ਨੇ ਟਿੱਪਰ, ਟਰਾਲਿਆਂ ਅਤੇ ਆਟੋ ਰਿਕਸ਼ਾ ਦੇ ਪਿੱਛੇ ਰਾਤ ਨੂੰ ਚਮਕਣ ਵਾਲੇ ਰਿਫਲੈਕਟਰ  ਲਾਉਣ ਦੇ ਨਾਲ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਸਾਡੀ ਜਾਨ ਅਤੇ ਮਾਲ ਦੀ ਹਿਫਾਜ਼ਤ ਦੇ ਨਾਲ ਨਾਲ ਸਾਹਮਣੇ ਆ ਰਹੇ ਵਾਹਨਾਂ ਦੀ ਸੁਰੱਖਿਆ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਫਲੈਕਟਰਾਂ ਨੂੰ ਲਗਾਉਣ ਨਾਲ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਾਂ ਅਤੇ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਐਕਸੀਡੈਂਟ ਚ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਆਪਣੀ ਜਾਨ ਗਵਾ ਦਿੰਦੇ ਹਨ ਉਨ੍ਹਾਂ ਨੂੰ ਨਾ ਪੂਰਿਆ ਜਾਣ ਵਾਲੀ ਘਾਟਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੁਲੀਸ ਦੀ ਮੱਦਦ ਨਾਲ ਜ਼ਿਲ੍ਹੇ ਵਿਚ ਰਿਫਲੈਕਟਰ ਲਾਉਣ ਦਾ ਅਭਿਆਨ ਚਲਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਵਾਹਨਾਂ ਤੇ ਰਿਫਲੈਕਟਰ ਅਤੇ ਹੋਰ  ਟ੍ਰੈਫਿਕ ਨਿਯਮਾਂ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਸਟਿੱਕਰ ਲਗਾਏ ਜਾਣ। ਇਸ ਮੌਕੇ ਐੱਸ.ਐੱਸ.ਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ ਟਰਾਲੀਆਂ ਅਤੇ ਹੋਰ ਵਾਹਨਾਂ ਦੇ ਮਗਰ  ਰਿਫਲੈਕਟਰ ਲਾਉਣ ਦਾ ਮਕਸਦ ਇਹ ਹੈ ਕਿ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ  ਕਿ ਕੌਮੀ ਪੱਧਰ ਤੇ ਇਹ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ  ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ । ਐੱਸ ਐੱਸ ਪੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਬੀਤੇ ਸਾਲ ਲਗਪਗ ਇੱਕ ਲੱਖ ਸਤਾਈ ਹਜ਼ਾਰ ਮੌਤਾਂ ਐਕਸੀਡੈਂਟਾਂ ਚ ਹੋਈਆਂ ਹਨ ਇਹ ਬਹੁਤ ਵੱਡੀ ਗਿਣਤੀ ਹੈ।ਐਸਐਸਪੀ ਨੇ ਦੱਸਿਆ ਕਿ ਆਮ ਤੌਰ ਤੇ ਪਹਿਲਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾਂਦਾ ਸੀ ਪਰ ਹੁਣ ਇਹ ਇੱਕ ਮਹੀਨੇ ਚੱਲਣ ਵਾਲਾ ਅਭਿਆਨ ਹੈ ਜੋ ਕਿ 18 ਜਨਵਰੀ ਤੋਂ ਸ਼ੁਰੂ ਹੋਇਆ ਅਤੇ 17 ਫਰਵਰੀ ਤਕ  ਜਾਰੀ ਰਹੇਗਾ ।ਇਸ ਮੌਕੇ ਐੱਸ ਪੀ ਹੈੱਡਕੁਆਰਟਰ ਸ੍ਰੀ ਹਰਪਾਲ ਸਿੰਘ, ਡੀ ਐੱਸ ਪੀ ਟਰੈਫਿਕ ਹਰਦੀਪ ਸਿੰਘ ਬਡੂੰਗਰ, ਡੀ ਐੱਸ ਪੀ ਮਨਜੀਤ ਸਿੰਘ, ਐਸ ਐਚ ਓ ਸਰਹਿੰਦ ਜੀ ਐਸ ਸਿਕੰਦ ਅਤੇ ਪੁਲਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ।