5 Dariya News

72ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਜ਼ਿਲਾ ਪੱਧਰੀ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਅਦਾ ਕੀਤੀ ਕੌਮੀ ਝੰਡਾ ਲਹਿਰਾਉਣ ਦੀ ਰਸਮ

5 Dariya News

ਤਰਨ ਤਾਰਨ 26-Jan-2021

72ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਜ਼ਿਲਾ ਪੱਧਰੀ ਸਮਾਗਮ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦਾ ਨਿਰੀਖਣ ਕੀਤਾ।ਇਸ ਮੌਕੇ ਜ਼ਿਲ੍ਹਾ ਤੇ ਸ਼ੈਸਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜ਼ਿਲਾ ਪੁਲਿਸ ਮੁਖੀ ਸ੍ਰੀ ਧਰੁਮਨ ਐੱਚ. ਨਿੰਬਾਲੇ ਉਨਾਂ ਦੇ ਨਾਲ ਸਨ।ਸਮਾਗਮ ਦੌਰਾਨ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਪਰੇਡ ਕਮਾਂਡਰ ਡੀ. ਐਸ. ਪੀ ਸ੍ਰੀ ਰਮਨਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪੰਜਾਬ ਪੁਲਿਸ ਅਤੇ ਮਹਿਲਾ ਪੁਲਿਸ ਨੇ ਪਰੇਡ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਅਤੇ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀਆਂ ਦਿਲਕਸ਼ ਝਾਕੀਆਂ ਵੀ ਕੱਢੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਮੁਲਕ ਨੂੰ ਆਜ਼ਾਦੀ ਮਿਲੀ ਅਤੇ ਡਾ. ਭੀਮ ਰਾਓ ਅੰਬੇਡਕਰ ਤੇ ਹੋਰਨਾਂ ਸ਼ਖਸੀਅਤਾਂ ਦੀ ਸਖ਼ਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਸਥਾਪਿਤ ਹੋਈ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਹੀ ਮਾਅਨਿਆਂ ਵਿਚ ਗਣਰਾਜ ਦੀ ਸਥਾਪਨਾ ਹੋਈ ਅਤੇ ਭਾਰਤੀਆਂ ਦੇ ਸੁਪਨੇ ਸਾਕਾਰ ਹੋਏ। ਉਨਾਂ ਕਿਹਾ ਕਿ ਭਾਰਤ ਨੂੰ ਦੁਨੀਆ ਵਿਚ ਸਭ ਤੋਂ ਵੱਡੀ ਜ਼ਮਹੂਰੀਅਤ ਹੋਣ ਦਾ ਮਾਣ ਹਾਸਲ ਹੈ।ਉਨਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ਵਿਚੋਂ ਗੁਜ਼ਰ ਰਹੇ ਹਾਂ, ਜਦੋਂ ਕੋਰੋਨਾ ਮਹਾਮਾਰੀ ਨੇ ਸਾਡੇ ਸੂਬੇ ਅਤੇ ਮੁਲਕ ਸਮੇਤ ਪੂਰੀ ਦੁਨੀਆ ਨੂੰ ਆਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਹੈ।ਉਨਾਂ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਜ਼ਿਲਾ ਤਰਨ ਤਾਰਨ ਨੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਇਸ ਬਿਮਾਰੀ ’ਤੇ ਤੇਜ਼ੀ ਨਾਲ ਕਾਬੂ ਪਾਉਣ ਅਤੇ ਇਸ ਦਾ ਫੈਲਾਅ ਰੋਕਣ ਵਿਚ ਕਾਫੀ ਹੱਦ ਤੱਕ ਸਫਲ ਹੋਇਆ ਹੈ।ਜ਼ਿਲੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ “ਸਮਾਰਟ ਵਿਲੇਜ਼” ਮੁਹਿੰਮ ਤਹਿਤ ਪਹਿਲੇ ਫੇਜ਼ ਦੌਰਾਨ 339 ਪੰਚਾਇਤਾਂ ਵਿੱਚ 759 ਕੰਮਾਂ ਲਈ ਲੱਗਭੱਗ 37 ਜਾਰੀ ਕੀਤੇ ਗਏ ਹਨ, ਇਸ ਰਾਸ਼ੀ ਨਾਲ ਗਲੀਆਂ, ਨਾਲੀਆਂ, ਸ਼ਮਸ਼ਾਨ ਘਾਟ, ਛੱਪੜਾਂ ਦੀ ਸਫ਼ਾਈ ਅਤੇ ਜਿੰਮ ਆਦਿ ਬਣਾਉਣ ਖਰਚ ਕੀਤੀ ਗਈ ਹੈ।ਇਸ ਤੋਂ ਇਲਾਵਾ “ਸਮਾਰਟ ਵਿਲੇਜ਼” ਮੁਹਿੰਮ ਤਹਿਤ ਦੂਜੇ ਫੇਜ਼ ਦੌਰਾਨ 574 ਪੰਚਾਇਤਾਂ ਨੂੰ 1217 ਕੰਮਾਂ ਲਈ 16209.50 ਲੱਖ ਰੁਪਏ ਜਾਰੀ ਕੀਤੇ ਗਏ ਸਨ, ਜਿਸ ਤਹਿਤ 907 ਕੰਮ ਸ਼ੁਰੂ ਕੀਤੇ ਗਏ ਹਨ, ਜਿਸ ‘ਤੇ 5703 ਲੱਖ ਖਰਚ ਕੀਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਰਨਤਾਰਨ ਵਿਖੇ ਨੌਵੇਂ ਪਾਤਸ਼ਾਹ ਦੇ ਨਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਬਣਾਈ ਗਈ ਹੈ।

ਜ਼ਿਲ੍ਹਾ ਤਰਨ ਤਾਰਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 1-1 ਕਰੋੜ ਰੁਪਏ ਖਰਚ ਕਰਕੇ ਵਿਸ਼ੇਸ ਵਿਕਾਸ ਕਾਰਜ ਕਰਵਾਏ ਗਏ ਹਨ।ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 163 ਰੋਜ਼ਗਾਰ ਮੇਲੇ ਤੇ ਪਲੇਸਮੈਂਟ ਕੈਂਪ ਲਗਾਏ ਗਏ ਹਨ, ਜਿੰਨ੍ਹਾਂ ਵਿੱਚ 22034 ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਰਾਹੀਂ ਨੌਕਰੀ ਮੁਹੱਈਆ ਕਰਵਾਈ ਗਈ।ਮਗਨਰੇਗਾ ਤਹਿਤ ਜਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੁੱਲ 41,847 ਘਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਅਤੇ 14,35,508 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਵੱਡੇ ਉਪਰਾਲੇ ਅਧੀਨ ਹਰ ਵਰਗ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨ ਲਈ ਜਿਲ੍ਹਾ ਤਰਨ ਤਾਰਨ ਵਿੱਚ 40 ਖੇਡ ਦੇ ਮੈਦਾਨ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚੋ 4 ਖੇਡ ਮੈਦਾਨ ਤਿਆਰ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਪਿੰਡਾਂ ਵਿੱਚ ਪਾਰਕਾਂ ਤਿਆਰ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ ਜਿਲ੍ਹੇ ਵਿੱਚ 27 ਪਾਰਕਾਂ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਚੁੱਕੀਆਂ ਅਤੇ ਇਸ ਤੋ ਇਲਾਵਾ 45 ਹੋਰ ਨਵੀਆਂ ਪਾਰਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਕੰਮ ਨੂੰ ਤਰਜੀਹ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵੱਲੋਂ ਲਗਭਗ ਸਾਰੇ ਪਿੰਡ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਦੇ ਮੌਕੇ ‘ਤੇ ਜ਼ਿਲ੍ਹੇ ਦੇ ਪਿੰਡ ਗੱਗੋਬੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 10,97,500 ਰੁਪਏ ਦੀ ਲਾਗਤ ਨਾਲ ਨੂੰ ਸਮਾਰਟ ਸਕੂਲ ਬਣਾਏ ਜਾਣ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਪਿੰਡ ਬਾਹਮਣੀ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ 6,64,684 ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ ਬਣਾਇਆ ਗਿਆ ਹੈ।ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ 212.65 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਅੱਜ ਜ਼ਿਲ੍ਹੇ ਦੇ 13 ਪਿੰਡਾਂ ਵਿੱਚ 569.54 ਲੱਖ ਰੁਪਏ ਦੇ ਪ੍ਰੋਜੈਕਟ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।ਜ਼ਿਲ੍ਹੇ ਦੇ ਪਿੰਡ ਭੁੱਚਰ ਕਲਾਂ ਵਿਖੇ ਨਹਿਰੀ ਪਾਣੀ ਨੂੰ ਪੀਣ ਯੋਗ ਬਣਾ ਕੇ ਜ਼ਿਲ੍ਹੇ ਦੇ 99 ਪਿੰਡਾਂ ਨੂੰ ਪੀਣ ਵਾਲ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ੇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ‘ਤੇ ਲੱਗਭੱਗ 188.65 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਮੌਕੇ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਰਾਸ਼ਟਰੀ ਬਾਲੜੀ ਦਿਵਸ ਦੇ ਸੰਦਰਭ ਵਿੱਚ ਨਵ-ਜਨਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਬਾਲੜੀਆਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਖ਼ਸੀਅਤਾਂ ਅਤੇ ਕੋਵਿਡ-19 ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਲਾਈ ਮਸ਼ੀਨਾਂ ਵੀ ਭੇਂਟ ਕੀਤੀਆਂ ਗਈਆਂ।ਇਸੇ ਤਰਾਂ ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ ਦਾ ਵੀ ਸਨਮਾਨ ਕੀਤਾ ਗਿਆ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰ ਸਿੰਘ ਤੋਂ ਇਲਾਵਾ ਹੋਰ ਸਖਸ਼ੀਅਤਾਂ ਤੇ ਪਤਵੰਤੇ ਹਾਜ਼ਰ ਸਨ।