ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਐੱਸ.ਡੀ.ਐੱਮ ਬਟਾਲਾ ਬਲਵਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ
5 Dariya News
ਬਟਾਲਾ 26-Jan-2021
72ਵਾਂ ਗਣਤੰਤਰ ਦਿਵਸ ਸਮਾਗਮ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਸ. ਬਲਵਿੰਦਰ ਸਿੰਘ ਨੇ ਪਰੇਡ ਦਾ ਮੁਆਇਨਾ ਕੀਤਾ। ਇਸ ਉਪਰੰਤ ਐੱਸ.ਆਈ. ਦਿਲਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸੇ ਦੌਰਾਨ ਐਨ.ਸੀ.ਸੀ. ਕੈਡਿਟਾਂ, ਸਕੂਲੀ ਬੈਂਡ ਦੀਆਂ ਟੁਕੜੀਆਂ ਨੇ ਵੀ ਮਾਰਚ ਪਾਸਟ ‘ਚ ਹਿੱਸਾ ਲਿਆ।ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਆਪਣੇ ਸੰਦੇਸ਼ ‘ਚ ਬਟਾਲਾ ਵਾਸੀਆਂ ਨੂੰ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਆਪਣੇ ਗਣਤੰਤਰ ਦੇ 71 ਸਾਲ ਸ਼ਾਨ ਨਾਲ ਪੂਰੇ ਕਰ ਲਏ ਹਨ।ਉਨਾਂ ਕਿਹਾ ਕਿ ਭਾਂਵੇ ਸਾਡਾ ਦੇਸ 15 ਅਗਸਤ 1947 ਨੂੰ ਅਜ਼ਾਦ ਹੋ ਗਿਆ ਸੀ ਪਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਉਪਰੰਤ ਹੀ ਸਹੀ ਮਾਅਨਿਆਂ ਵਿੱਚ ਸਾਡਾ ਦੇਸ਼ ਪੂਰਨ ਗਣਰਾਜ ਬਣਿਆ। ਉਨਾਂ ਕਿਹਾ ਕਿ ਸਾਡਾ ਸੰਵਿਧਾਨ ਮਨੁੱਖੀ ਅਧਿਕਾਰਾਂ ਦਾ ਚਾਰਟਰ ਹੈ ਅਤੇ ਭਾਰਤੀ ਸੰਵਿਧਾਨ ਹਰ ਦੇਸ਼ ਵਾਸੀ ਨੂੰ ਅਜ਼ਾਦੀ ਤੇ ਬਰਾਬਰੀ ਦਾ ਹੱਕ ਦਿੰਦਾ ਹੈ।ਅਜ਼ਾਦੀ ਸੰਗਰਾਮ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਅਸੀਂ 72ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਹ ਉਨਾਂ ਅਜ਼ਾਦੀ ਪਰਵਾਨਿਆਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਹੈ ਜਿਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾਇਆ ਸੀ। ਉਨਾਂ ਕਿਹਾ ਕਿ ਪੰਜਾਬ ਨੇ ਅਜ਼ਾਦੀ ਸੰਗਰਾਮ ਦੀ ਅਗਵਾਈ ਕੀਤੀ ਅਤੇ ਕੂਕਾ, ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਾਮਾਗਾਟਾ ਮਾਰੂ ਲਹਿਰਾਂ ਨੇ ਅਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ। ਉਨਾਂ ਕਿਹਾ ਕਿ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਲੋਕਾਂ ਦੇ ਦਿਲਾਂ ’ਚ ਕਾਇਮ ਰਹਿਣਗੀਆਂ। ਇਸ ਮੌਕੇ ਸ. ਬਲਵਿੰਦਰ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕੋਵਿਡ-19 ਨਾਮ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਉੱਪਰ ਆਪਣਾ ਅਸਰ ਦਿਖਾਇਆ ਹੈ। ਸਾਡਾ ਦੇਸ਼ ਭਾਰਤ ਅਤੇ ਪੰਜਾਬ ਵੀ ਕੋਰੋਨਾ ਮਹਾਂਮਾਰੀ ਤੋਂ ਅਛੂਤੇ ਨਹੀਂ ਰਹਿ ਸਕੇ। ਭਾਂਵੇ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣਾ ਵੱਡੀ ਚਣੌਤੀ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਉੱਪਰ ਫ਼ਤਹਿ ਪਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਹੈ। ਉਨਾਂ ਕਿਹਾ ਕਿ ਇਸ ਮਹੀਨੇ ਦੇ 16 ਤਰੀਕ ਤੋਂ ਕੋਰੋਨਾ ਵੈਕਸੀਨ ਲੱਗਣ ਦੀ ਸ਼ੁਰੂਆਤ ਹੋ ਗਈ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ ਡਾਕਟਰਾਂ ਤੇ ਹੋਰ ਸਿਹਤ ਅਮਲੇ ਨੂੰ ਇਹ ਵੈਕਸੀਨ ਲਗਾਈ ਜਾ ਰਹੀ ਹੈ। ਇਸ ਤੋਂ ਬਾਅਦ ਇਹ ਵੈਕਸੀਨ ਫਰੰਟ ਲਾਈਨ ਵਰਕਰਾਂ ਅਤੇ ਆਮ ਜਨਤਾ ਨੂੰ ਲਗਾਈ ਜਾਵੇਗੀ। ਉਨਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾ ਸਦਕਾ ਬਹੁਤ ਛੇਤੀ ਅਸੀਂ ਕੋਰੋਨਾ ਮਹਾਂਮਾਰੀ ਉੱਪਰ ਪੂਰੀ ਤਰਾਂ ਫ਼ਤਹਿ ਪਾ ਲਵਾਂਗੇ।ਇਸੇ ਦੌਰਾਨ ਗਣਤੰਤਰ ਦਿਵਸ ਸਮਾਗਮ ਦੀਆਂ ਖੁਸ਼ੀਆਂ ’ਚ ਵਾਧਾ ਕਰਦੇ ਹੋਏ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸੁਤੰਤਰਤਾ ਸੰਗਰਾਮੀ ਸ੍ਰੀਮਤੀ ਕਰਮ ਦਈ ਅਤੇ ਸ੍ਰੀਮਤੀ ਮਹਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਵੰਡੇ ਗਏ। ਇਸ ਮੌਕੇ ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ਸਨਮਾਨਤ ਕੀਤਾ ਗਿਆ।ਗਣਤੰਤਰ ਦਿਵਸ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ, ਤਹਿਸੀਲਦਾਰ ਬਟਾਲਾ ਸ. ਜਸਕਰਨਜੀਤ ਸਿੰਘ, ਡੀ.ਐੱਸ.ਪੀ. ਸ੍ਰੀਮਤੀ ਪਰਵਿੰਦਰ ਕੌਰ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਤੇ ਰਾਜ ਕੁਮਾਰ, ਬੀ.ਡੀ.ਪੀ.ਓ. ਸਤੀਸ਼ ਕੁਮਾਰ, ਸਾਬਕਾ ਜ਼ਿਲਾ ਕਮਾਂਡਰ ਪੰਜਾਬ ਹੋਮਗਾਰਡ ਹਰਦੀਪ ਸਿੰਘ ਬਾਜਵਾ, ਸਵਰਨ ਮੁੱਢ, ਸ਼ਸ਼ੀ ਭੂਸ਼ਨ ਵਰਮਾ, ਪਿ੍ਰੰਸੀਪਲ ਕਿਲਾ ਟੇਕ ਸਿੰਘ ਜਤਿੰਦਰ ਮਹਾਜਨ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸਰਪੰਚ ਦਲਜੀਤ ਸਿੰਘ ਬਮਰਾਹ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।