ਲੋਕਤੰਤਰ ਦੀਆਂ ਜੜਾਂ ਨੂੰ ਮਜਬੂਤ ਕਰਨ ਲਈ ਆਪਣੀ ਵੋਟ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨਾ ਬੇਹੱਦ ਜਰੂਰੀ : ਅੰਮ੍ਰਿਤ ਕੌਰ ਗਿੱਲ
ਮਾਤਾ ਗੁਜ਼ਰੀ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
5 Dariya News
ਫ਼ਤਹਿਗੜ੍ਹ ਸਾਹਿਬ 25-Jan-2021
ਲੋਕਤੰਤਰ ਦੀਆਂ ਜੜਾਂ ਨੂੰ ਮਜਬੂਤ ਕਰਨ ਲਈ ਆਪਣੀ ਵੋਟ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨਾ ਬੇਹੱਦ ਜਰੂਰੀ ਹੈ । ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਅੰਮ੍ਰਿਤ ਕੌਰ ਗਿੱਲ ਨੇ ਰਾਸ਼ਟਰੀ ਵੋਟਰ ਦਿਵਸ ਮੌਕੇ ਮਾਤਾ ਗੁਜ਼ਰੀ ਕਾਲਜ ਦੇ ਕਮਰਸ ਬਲਾਕ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਮਾਗਮ ਦੌਰਾਨ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਣਾਏ ਰੱਖਣ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾਂ ਨੂੰ ਬਰਕਰਾਰ ਰੱਖਦੇ ਹੋਏ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਸਬੰਧੀ ਸੁਹੰ ਵੀ ਚੁਕਾਈ।ਸ੍ਰੀਮਤੀ ਗਿੱਲ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਸਹੀ ਉਮੀਦਵਾਰਾਂ ਨੂੰ ਹੀ ਵੋਟ ਪਾਵੇ ਤਾਂ ਜੋ ਸਾਡਾ ਦੇਸ਼ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚ ਸਕੇ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਵੋਟ ਲਾਜ਼ਮੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਤਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜੇਕਰ ਸਹੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਨੌਜਵਾਨ ਜਦੋਂ ਉਹ 18 ਸਾਲ ਦੇ ਹੋ ਜਾਂਦੇ ਹਨ ਤਾਂ ਉਹ ਆਪਣੀ ਵੋਟ ਸਬੰਧੀ .ਐਲ.ਓ./ਈ.ਆਰ.ਓ ਕੋਲ ਫਾਰਮ ਨੰਬਰ 6 ਭਰ ਕੇ ਰਜਿਸਟਰ ਕਰਵਾ ਸਕਦੇ ਹਨ ਜਾਂ ਆਨਲਾਇਨ ਐਨ.ਵੀ.ਐਸ.ਪੀ. ਪੋਰਟਲ ਤੇ ਵੀ ਰਜਿਸਟਰਡ ਕਰਵਾ ਸਕਦੇ ਹਨ।
ਨੌਜਵਾਨਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਮੇਤ ਹੋਰਨਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।ਇਸ ਮੌਕੇ ਪ੍ਰੋਜੈਕਟਰ ਰਾਂਹੀ ਵੋਟਾਂ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਦਾ ਵੀਡੀਓ ਸੰਦੇਸ਼ ਦਿਖਾਇਆ ਗਿਆ ਅਤੇ ਈ ਵੀ ਐਮ/ ਵੀ ਵੀ ਪੈਟ ਸਬੰਧੀ ਪ੍ਰੋਜੈਕਟਰ ਰਾਹੀਂ ਫਿਲਮ ਵੀ ਦਿਖਾਈ ਗਈ।ਇਸ ਮੌਕੇ 18 ਤੋਂ 19 ਸਾਲ ਦੇ ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਵੀ ਵੰਡੇ ਗਏ ਅਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਵਿੱਚ ਸ਼ਲਾਘਾਯੋਗ ਕਾਰਜਗੁਜਰੀ ਵਿਖਾਉਦਿਆਂ ਲਗਾਤਾਰ ਤੀਜੇ ਸਾਲ ਜ਼ਿਲ੍ਹੇ ਵਿੱਚੋਂ ਅੱਵਲ ਰਹਿਣ ਲਈ ਰਿਟਰਨਿੰਗ ਅਫਸਰ ਅਮਲੋਹ-ਕਮ-ਐਸ.ਡੀ.ਐਮ. ਸ੍ਰੀ ਆਨੰਦ ਸਾਗਰ ਸ਼ਰਮਾਂ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਰਿਟਰਨਿੰਗ ਅਫਸਰ ਫਤਹਿਗੜ੍ਹ ਸਾਹਿਬ-ਕਮ-ਐਸ.ਡੀ.ਐਮ ਫਤਹਿਗੜ੍ਹ ਸਾਹਿਬ ਡਾ: ਸੰਜੀਵ ਕੁਮਾਰ, ਬੀ ਐਲ ਓ ਅਮਲੋਹ ਸਰਬਜੀਤ ਸਿੰਘ ਨੂੰ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸਦੇ ਨਾਲ ਹੀ ਬੀ ਐਲ ਓ ਮਨਦੀਪ ਕੌਰ, ਨਰਿੰਦਰ ਕੌਰ ਅਤੇ ਖੁਸ਼ਵੰਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਮਾਤਾ ਗੁਜਰੀ ਕਾਲਜ ਦੇ ਐਨ ਐਸ ਐਸ ਅਤੇ ਐਨ ਸੀ ਸੀ ਵਿੰਗ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਬੀਰਇੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਸਕੂਲਾਂ, ਕਾਲਜ਼ਾਂ ਅਤੇ ਆਂਗਣਵਾੜੀ ਵਰਕਰਾਂ ਦੇ ਵੋਟਰ ਜਾਗਰੂਕਤਾ ਸਬੰਧੀ ਕਰਵਾਏ ਗਏ ਸਲੋਗਨ ਲੇਖਣ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਿਲਆਂ ਦੇ ਜੇਤੂਆਂ ਦਾ ਸਨਮਾਨ ਕੀਤਾ ਗਿਆ।