5 Dariya News

ਡੀ.ਬੀ.ਈ.ਈ. ਮੋਹਾਲੀ ਨੇ ਬੋਲਣ ਅਤੇ ਸੁਣਨ ਵਿੱਚ ਅਸਮਰੱਥ ਨੌਜਵਾਨ ਦੀ ਜ਼ਿੰਦਗੀ ਵਿੱਚ ਲਿਆਂਦੀ ਆਸ ਦੀ ਕਿਰਨ

ਨੌਜਵਾਨ ਨੂੰ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਮਿਲੀ

5 Dariya News

ਐਸ.ਏ.ਐਸ. ਨਗਰ 28-Dec-2020

ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ (ਡੀ.ਬੀ.ਈ.ਈ.), ਮੋਹਾਲੀ  ਬੇਰੁਜ਼ਗਾਰ ਨੌਜਵਾਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।ਇਸਦੀ ਤਾਜ਼ਾ ਮਿਸਾਲ ਮੁਹਾਲੀ ਦੇ ਇੱਕ ਨੌਜਵਾਨ ਦੀ ਹੈ ਜੋ ਬੋਲਣ ਅਤੇ ਸੁਣਨ ਵਿੱਚ ਅਸਮਰੱਥ ਹੈ ਅਤੇ ਅਪ੍ਰੈਲ 2020 ਵਿੱਚ ਮਹਾਂਮਾਰੀ ਫੈਲਣ ਕਰਕੇ ਉਸਦਾ ਰੁਜ਼ਗਾਰ ਖੁੱਸ ਗਿਆ।ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰ ਵੱਲੋਂ ਰੋਜ਼ਗਾਰ ਪ੍ਰਤੀ ਮੁਹੱਈਆ ਕਰਵਾਈ ਗਈ ਸਹਾਇਤਾ ਨਾਲ ਇਹ ਨੌਜਵਾਨ ਹੁਣ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਖੁਸ਼ੀ ਖੁਸ਼ੀ ਆਪਣੀ ਨੌਕਰੀ ਕਰ ਰਿਹਾ ਹੈ।ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਕੋਵਿਡ-19 ਕਰਕੇ ਨੌਜਵਾਨ ਸ਼ੁਬਮ ਦਾ ਰੁਜ਼ਗਾਰ ਖੁੱਸ ਗਿਆ ਸੀ। ਆਪਣੇ ਪੱਧਰ `ਤੇ ਕਈ ਮਹੀਨਿਆਂ ਦੀ ਕੋਸ਼ਿਸ਼ ਦੇ ਬਾਵਜੂਦ ਸ਼ੁਬਮ ਨੂੰ ਨੌਕਰੀ ਨਾ ਮਿਲ ਸਕੀ।ਰੋਜ਼ਗਾਰ ਪ੍ਰਤੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਹਾਇਤਾ ਬਾਰੇ ਜਾਣਨ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਬਿਊਰੋ ਦੇ ਦਫ਼ਤਰ ਵਿੱਚ ਗਿਆ। ਇਸ ਤੋਂ ਬਾਅਦ ਉਸ ਦਾ ਸਫਰ ਆਸਾਨ ਰਿਹਾ; ਉਸਨੇ ਬਿਊਰੋ ਕੋਲ ਆਪਣਾ ਰੀਜ਼ਿਊਮ ਅਤੇ ਜਿਸ ਤਰ੍ਹਾਂ ਦੀ ਨੌਕਰੀ ਉਹ ਕਰਨੀ ਚਾਹੁੰਦਾ ਸੀ, ਉਸ ਸਬੰਧੀ ਜਾਣਕਾਰੀ ਜਮਾਂ ਕਰਵਾਈ। ਡੀਬੀਈਈ ਦੇ ਅਧਿਕਾਰੀਆਂ ਨੇ ਉਸਦਾ ਰੀਜ਼ਿਊਮ ਸੰਭਾਵਤ ਇੰਪਲਾਇਰਜ਼ (ਰੁਜ਼ਗਾਰਦਾਤਿਆਂ) ਨਾਲ ਸਾਂਝਾ ਕੀਤਾ ਅਤੇ ਉਸਨੂੰ ਇੱਕ ਪਲੇਸਮੈਂਟ ਕੈਂਪ ਵਿੱਚ ਬੁਲਾਇਆ ਗਿਆ। ਇਸ ਤੋਂ ਬਾਅਦ ਜਲਦ ਹੀ ਉਸਨੂੰ ਬਾਬਾ ਫਰੀਦ ਯੂਨੀਵਰਸਿਟੀ ਦੁਆਰਾ ਆਉਟਸੋਰਸਿੰਗ ਜ਼ਰੀਏ ਡਾਟਾ ਐਂਟਰੀ ਓਪਰੇਟਰ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਗਿਆ।ਸ਼ੁਬਮ ਰੁਜ਼ਗਾਰ ਮਿਲਣ `ਤੇ ਬਹੁਤ ਖੁਸ਼ ਹੈ ਅਤੇ ਉਸਦੇ ਪਿਤਾ ਰਵਿੰਦਰਨਾਥ ਜਟਾਣਾ ਨੇ ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਪਹਿਲਕਦਮੀ ਦੀ ਜ਼ੋਰਦਾਰ ਸ਼ਲਾਘਾ ਕੀਤੀ। ਸ਼ੁਬਮ ਦੇ ਪਿਤਾ ਨੇ ਕਿਹਾ “ ਨੌਕਰੀ ਨੇ ਵਿੱਤੀ ਮਦਦ ਤੋਂ ਇਲਾਵਾ  ਮੇਰੇ ਬੇਟੇ ਦਾ ਆਤਮ-ਵਿਸ਼ਵਾਸ ਬਹਾਲ ਕੀਤਾ ਹੈ ਅਤੇ ਉਸ ਨੂੰ ਨਿਰਾਸ਼ਾ ਦੇ ਆਲਮ ਵਿੱਚ ਪੈਣ ਤੋਂ ਰੋਕਿਆ ਹੈ।” ਸ਼ੁਬਮ ਦੇ ਪਿਤਾ ਰਵਿੰਦਰਨਾਥ ਨੇ ਆਪਣੇ ਬੇਟੇ ਨੂੰ ਸਵੈ-ਨਿਰਭਰ ਬਣਾਉਣ ਦੀ ਕੋਸ਼ਿਸ਼ ਵਿੱਚ ਸ਼ੁਬਮ ਨੂੰ ਉੱਚ ਸੈਕੰਡਰੀ ਸਿੱਖਿਆ ਤੱਕ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਛੋਟੀ ਮਿਆਦ ਦੇ ਕੰਪਿਊਟਰ ਕੋਰਸ ਕਰਵਾ ਕੇ ਉਸਨੂੰ ਕੰਪਿਊਟਰ ਦੇ ਗਿਆਨ ਵੀ ਦਿੱਤਾ ਤਾਂ ਜੋ ਸ਼ੁਬਮ ਇੱਕ ਵਧੀਆ ਨੌਕਰੀ `ਤੇ ਲੱਗ ਸਕੇ।ਗੌਰਤਲਬ ਹੈ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ, ਮੁਹਾਲੀ www.pgrkam.com. ਪੋਰਟਲ `ਤੇ ਰਜਿਸਟਰ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਬਿਊਰੋ ਵੱਲੋਂ ਕਰੀਅਰ ਸਬੰਧੀ ਸਲਾਹ, ਸਵੈ-ਰੁਜ਼ਗਾਰ ਲਈ ਕਰਜ਼ਿਆਂ ਦੀ ਸਹੂਲਤ, ਥੋੜ੍ਹੇ ਮਿਆਦ ਦੇ ਹੁਨਰ ਕੋਰਸ ਅਤੇ ਪਲੇਸਮੈਂਟ ਕੈਂਪਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ।