5 Dariya News

ਸ਼ਹੀਦੀ ਸਭਾ ਦੀ ਦੂਜੀ ਸ਼ਾਮ : ਆਮ ਖਾਸ ਬਾਗ ਵਿਖੇ 'ਜਿੰਦਾਂ ਨਿੱਕੀਆਂ' ਮਹਾਂ ਨਾਟਕ ਦੀ ਭਾਵਪੂਰਤ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕੀਤਾ

ਐਮ.ਐਲ.ਏ. ਜੀ.ਪੀ., ਡੀ.ਸੀ. ਤੇ ਹੋਰ ਸ਼ਖ਼ਸੀਅਤਾਂ ਨੇ ਵੀ ਦੇਖਿਆ ਮਹਾਂ ਨਾਟਕ

5 Dariya News

ਫ਼ਤਹਿਗੜ੍ਹ ਸਾਹਿਬ 26-Dec-2020

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਅਦੁਤੀ ਸ਼ਹਾਦਤ ਦੀ ਯਾਦ ਵਿੱਚ ਇੱਥੇ ਜੁੜੀ ਸਾਲਾਨਾ ਸ਼ਹੀਦੀ ਸਭਾ ਦੀ ਦੂਜੀ ਸ਼ਾਮ ਮੌਕੇ ਵੀ ਸਥਾਨਕ ਆਮ ਖਾਸ ਬਾਗ ਵਿਖੇ ਸਾਈਟ ਐਂਡ ਸਾਊਂਡ ਸ਼ੋਅ 'ਜਿੰਦਾਂ ਨਿੱਕੀਆਂ' ਦੀ ਵਿਲੱਖਣ ਪੇਸ਼ਕਾਰੀ ਨੇ ਸੰਗਤਾਂ ਨੂੰ ਭਾਵੁਕ ਕੀਤਾ।ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਆਰਟ ਥਇਏਟਰ ਦੇ ਸਹਿਯੋਗ ਨਾਲ ਸਵਰਗੀ ਡਾ. ਹਰਚਰਨ ਸਿੰਘ ਲਾਟਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉਪਰ ਲਿਖੇ ਨਾਟਕ 'ਤੇ ਅਧਾਰਤ, ਪ੍ਰਸਿੱਧ ਨਿਰਮਾਤਾ ਤੇ ਨਿਰਦੇਸ਼ਕ ਸ. ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਮਹਾਂ ਨਾਟਕ 'ਜਿੰਦਾਂ ਨਿੱਕੀਆਂ' ਦੇ ਸਾਈਟ ਐਂਡ ਸਾਊਂਡ ਸ਼ੋਅ ਦੀ ਵਿਲੱਖਣ ਪੇਸ਼ਕਾਰੀ ਦੌਰਾਨ ਹੱਡ ਚੀਰਦੀ ਠੰਢ ਦੇ ਬਾਵਜੂਦ ਦੂਰੋਂ-ਦੂਰੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਸਿੱਖ ਇਤਿਹਾਸ ਦਾ ਭਾਵੁਕਤਾ ਨਾਲ ਆਨੰਦ ਮਾਣਿਆ। ਸੰਗਤ ਵੱਲੋਂ ਇਸ ਸ਼ੋਅ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸ਼ਹੀਦੀ ਸਭਾ ਲਈ ਕੀਤੇ ਗਏ ਪ੍ਰਬੰਧਾਂ ਦੀ ਪ੍ਰਸੰਸਾ ਵੀ ਕੀਤੀ ਗਈ।ਇਸ ਨਾਟਕ ਦੀ ਪੇਸ਼ਕਾਰੀ ਮੌਕੇ ਹੋਰਨਾਂ ਤੋਂ ਇਲਾਵਾ ਬਸੀ ਪਠਾਣਾ ਤੋਂ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।

ਇਸ ਮਹਾਂ ਨਾਟਕ 'ਜਿੰਦਾਂ ਨਿੱਕੀਆਂ' ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਗ੍ਰਿਫ਼ਤਾਰੀ, ਉਨ੍ਹਾਂ ਦੀ ਸ਼ਹਾਦਤ, ਗੁਰੂ ਜੀ ਵੱਲੋਂ ਔਰੰਗਜੇਬ ਨੂੰ ਲਿਖੇ ਜਿੱਤ ਦੇ ਪੱਤਰ 'ਜਫ਼ਰਨਾਮਾ', ਸਰਹਿੰਦ ਫ਼ਤਹਿ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਣਾ, ਵਜੀਦ ਖ਼ਾਨ ਨੂੰ ਸਜਾ ਦੇਣੀ, ਸਰਹਿੰਦ ਢਾਹੁਣੀ ਅਤੇ ਚਪੜ ਚਿੜ੍ਹੀ ਦੀ ਜੰਗ ਆਦਿ ਦੇ ਬਿਰਤਾਂਤ ਸਮੇਤ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਨੂੰ ਦਿਲਕਸ਼ ਤਰੀਕੇ ਭਾਵੁਕਤਾ ਅਤੇ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ।ਇਸ ਮੌਕੇ ਸ. ਜੀ.ਪੀ. ਦੇ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਤੇ ਐਸ.ਡੀ.ਐਮ. ਬਸੀ ਪਠਾਣਾ ਸ. ਜਸਪ੍ਰੀਤ ਸਿੰਘ, ਐਸ.ਪੀ. ਪੀਬੀਆਈ ਸ੍ਰੀ ਨਵਰੀਤ ਸਿੰਘ ਵਿਰਕ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਸੁਖਮਿੰਦਰ ਸਿੰਘ, ਡੀ.ਐਸ.ਪੀ. ਮਨਜੋਤ ਕੌਰ, ਤਹਿਸੀਲਦਾਰ ਗੁਰਜਿੰਦਰ ਸਿੰਘ ਸਮੇਤ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਡੀ ਦੂਰੋਂ-ਦੂਰੋਂ ਪੁੱਜੀ ਸੰਗਤ ਵੀ ਮੌਜੂਦ ਸੀ।