ਪੰਜਾਬ ਦੇ ਕਿਸਾਨਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਵਚਨਵੱਧ : ਗੁਰਪ੍ਰੀਤ ਸਿੰਘ ਕਾਂਗੜ
ਤਕਰੀਬਨ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਮਲਟੀਪਰਪਜ਼ ਕੋਲਡ ਸਟੋਰ
5 Dariya News
ਕਾਂਗੜ (ਬਠਿੰਡਾ) 26-Dec-2020
ਪੰਜਾਬ ਦੇ ਕਿਸਾਨਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੂਬਾ ਸਰਕਾਰ ਹਮੇਸ਼ਾ ਵਚਨਵੱਧ ਹੈ। ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕੈਪਟਨ ਸਰਕਾਰ ਵਲੋਂ ਨਿਰੰਤਰ ਹੰਭਲੇ ਜਾਰੀ ਹਨ। ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਨੂੰ ਵਿਕਾਸ ਪੱਖੋਂ ਛੋਟੇ ਪੱਧਰ ਤੋਂ ਚੁੱਕ ਕੇ ਵੱਡੇ ਪੱਧਰ ਤੱਕ ਲੈ ਕੇ ਜਾਣ ਲਈ ਹਰ ਇੱਕ ਸੰਭਵ ਯਤਨ ਕੀਤੇ ਜਾਣਗੇ। ਇਨਾਂ ਗੱਲਾਂ ਦਾ ਪ੍ਰਗਟਾਵਾਂ ਮਾਲ ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਹੀ ਜੱਦੀ ਪਿੰਡ ਕਾਂਗੜ ਵਿਖੇ ਆਲੂ ਗਰੇਡਿੰਗ ਅਤੇ ਕੋਡਲ ਸਟੋਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ. ਕਾਂਗੜ ਨੇ ਕਿਹਾ ਕਿ ਤਕਰੀਬਨ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਹ ਮਲਟੀਪਰਪਜ਼ ਕੋਲਡ ਸਟੋਰ ਬਨਣ ਦੇ ਨਾਲ ਜ਼ਿਲੇ ਦੇ ਕਿਸਾਨਾਂ ਭਰਾਵਾਂ ਨੂੰ ਬਹੁਤ ਫਾਇਦਾ ਹੋਵੇਗਾ। ਸ. ਕਾਂਗੜ ਨੇ ਕਿਹਾ ਕਿ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਬਾਅਦ ਬਠਿੰਡੇ ਜ਼ਿਲੇ ਦਾ ਰਾਮਪੁਰਾ ਫ਼ੂਲ ਹਲਕਾ ਇੱਕ ਅਜਿਹਾ ਇਲਾਕਾ ਹੈ ਜਿੱਥੇ ਆਲੂ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਕਿਸਾਨ ਦੂਰ-ਦੁਰਾਡੇ ਜਾਣ ਦੀ ਬਜਾਏ ਹੁਣ ਆਪਣੇ ਇਲਾਕੇ ਵਿੱਚ ਹੀ ਆਪਣੀ ਸਟੋਰੇਜ਼ ਕਰ ਸਕਦੇ ਹਨ।ਕੈਬਨਿਟ ਮੰਤਰੀ ਸ. ਕਾਂਗੜ ਨੇ ਇਸ ਕੋਲਡ ਦੀ ਖ਼ਾਸੀਅਤ ਦੱਸਦਿਆਂ ਕਿਹਾ ਕਿ ਇਸ ਵਿਚ ਇਕੱਲਾ ਆਲੂ ਹੀ ਨਹੀਂ ਸਗੋਂ ਇਸ ਸਟੋਰ ਵਿਚ ਕੋਈ ਵੀ ਸਬਜ਼ੀ ਅਤੇ ਫ਼ਲਾਂ ਨੂੰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿਸ ਸਬਜ਼ੀ ਜਾਂ ਫ਼ਲ ਨੂੰ ਜਿਨੇ ਤਾਪਮਾਨ ਦੀ ਲੋੜ ਹੋਵੇਗੀ ਉਸ ਨੂੰ ਉਨਾਂ ਹੀ ਤਾਪਮਾਨ ਦਿੱਤਾ ਜਾਵੇ। ਉਨਾਂ ਕਿਹਾ ਕਿ ਇਸ ਕੋਲਡ ਸਟੋਰ ਵਿਚ ਵੱਖ-ਵੱਖ ਚੈਂਬਰ ਬਣਾਏ ਜਾਣਗੇ ਜਿਸ ਵਿਚ ਡਰਾਈ ਫ਼ਰੂਟਾਂ ਨੂੰ ਵੀ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਮੌਕੇ ਪੰਜਾਬ ਐਗਰੋ ਦੇ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਮਨਜੀਤ ਸਿੰਘ ਬਰਾੜ (ਆਈ.ਏ.ਐਸ.), ਪੰਜਾਬ ਐਗਰੋ ਦੇ ਜਨਰਲ ਮੈਨੇਜ਼ਰ ਸ਼੍ਰੀ ਰਘੂਵੀਰ ਸਿੰਘ, ਡੀ.ਐਸ.ਪੀ. ਸ਼੍ਰੀ ਜਸਬੀਰ ਸਿੰਘ, ਤਹਿਸੀਲਦਾਰ ਸ਼੍ਰੀ ਰਾਕੇਸ਼ ਕੁਮਾਰ, ਬੀ.ਡੀ.ਪੀ.ਓ. ਸ੍ਰੀ ਧਰਮਪਾਲ ਸ਼ਰਮਾ ਤੋਂ ਇਲਾਵਾ ਪਿੰਡ ਮਹਿਰਾਜ ਦੇ ਅਗਾਂਹਵਧੂ ਕਿਸਾਨ ਇੰਦਰਜੀਤ ਸਿੰਘ ਢਿੱਲੋਂ ਆਦਿ ਸਖਸ਼ੀਅਤਾਂ ਤੇ ਕਿਸਾਨ ਹਾਜ਼ਰ ਸਨ।