5 Dariya News

ਫ਼ਤਹਿ ਬਾਜਵਾ ਨੇ ਹਲਕਾ ਕਾਦੀਆਂ ਨੂੰ ਦਿੱਤਾ ਕ੍ਰਿਸਮਸ ਦਾ ਖੂਬਸੂਰਤ ਤੋਹਫਾ

ਹਲਕਾ ਕਾਦੀਆਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 30 ਕਰੋੜ ਰੁਪਏ ਦੀ ਗ੍ਰਾਂਟ ਤਕਸੀਮ ਕੀਤੀ

5 Dariya News

ਬਟਾਲਾ 24-Dec-2020

ਵਿਧਾਇਕ  ਫ਼ਤਹਿ ਜੰਗ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਨਿਵਾਸੀਆਂ ਨੂੰ ਕ੍ਰਿਸਮਸ ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਸ. ਬਾਜਵਾ ਨੇ ਹਲਕੇ ਦੀਆਂ ਪੰਚਾਇਤਾਂ ਨੂੰ 30 ਕਰੋੜ ਰੁਪਏ ਦੀ ਗ੍ਰਾਂਟ ਦੇ ਚੈੱਕ ਤਕਸੀਮ ਕਰਕੇ ਹਲਕੇ ਵਿੱਚ ਵਿਕਾਸ ਦਾ ਨਵਾਂ ਮੁੱਢ ਬੰਨ ਦਿੱਤਾ ਹੈ। ਕਰੋੜਾਂ ਰੁਪਏ ਦੀ ਗ੍ਰਾਂਟ ਮਿਲਣ ’ਤੇ ਹਲਕੇ ਦੀਆਂ ਸਮੂਹ ਪੰਚਾਇਤਾਂ ਬਹੁਤ ਖੁਸ਼ ਹਨ ਅਤੇ ਸਾਰਿਆਂ ਨੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।ਕਾਦੀਆਂ ਵਿਖੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 30 ਕਰੋੜ ਰੁਪਏ ਦੇ ਚੈੱਕ ਤਕਸੀਮ ਕਰਦਿਆਂ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਸਾਲ 2021 ਵਿਕਾਸ ਪੱਖੋਂ ਯਾਦਗਾਰੀ ਸਾਲ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬਾ ਪੰਜਾਬ ਦਾ ਰਿਕਾਰਡ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਹਰ ਪਿੰਡ ਵਿੱਚ ਵਿਕਾਸ ਦੀ ਇਬਾਰਤ ਲਿਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਦੀਆਂ ਹਲਕੇ ਦੇ ਵਿਕਾਸ ਲਈ ਅੱਜ 30 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਇਸ ਗ੍ਰਾਂਟ ਨਾਲ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਛੱਪੜਾਂ ਦਾ ਨਵੀਨੀਕਰਨ, ਸੋਲਰ ਲਾਈਟਾਂ, ਖੇਡ ਮੈਦਾਨ ਬਣਾਉਣ ਦੇ ਨਾਲ ਹੋਰ ਵਿਕਾਸ ਕਾਰਜ ਕੀਤੇ ਜਾਣਗੇ। ਸ. ਬਾਜਵਾ ਨੇ ਪੰਚਾਇਤਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਲਈ ਆਈ ਗ੍ਰਾਂਟ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਪਣੇ ਪਿੰਡਾਂ ਦੇ ਵਿਕਾਸ ਉੱਪਰ ਖਰਚਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਅਗਲੇ ਸਾਲ ਹੋਰ ਵੀ ਗ੍ਰਾਂਟਾਂ ਪੰਚਾਇਤਾਂ ਨੂੰ ਦਿੱਤੀਆਂ ਜਾਣਗੀਆਂ।ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਦੀਆਂ ਹਲਕੇ ਦੇ ਸਮੂਹ ਨਿਵਾਸੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਲੋਕਾਂ ਵੱਲੋਂ ਦਿੱਤੇ ਪਿਆਰ ਲਈ ਹਮੇਸ਼ਾਂ ਕਰਜ਼ਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਕਾਦੀਆਂ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਏਜੰਡਾ ਹੈ ਅਤੇ ਉਹ ਆਪਣੀ ਟੀਮ ਨਾਲ ਇਸ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਲੱਗੇ ਹੋਏ ਹਨ। ਸ. ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਸੂਬੇ ਦਾ ਵਿਕਾਸ ਰੁਕਣ ਨਹੀਂ ਦਿੱਤਾ ਅਤੇ ਹਰ ਪਿੰਡ ਤੇ ਸ਼ਹਿਰ ਨੂੰ ਵਿਕਾਸ ਲਈ ਗ੍ਰਾਂਟਾ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਬਦੌਲਤ ਕਾਂਗਰਸ ਪਾਰਟੀ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।ਇਸ ਮੌਕੇ ਕੰਵਰ ਪ੍ਰਤਾਪ ਸਿੰਘ ਬਾਜਵਾ ਸਕੱਤਰ ਪੰਜਾਬ ਯੂਥ ਕਾਂਗਰਸ, ਮੈਂਬਰ ਐੱਸ.ਐੱਸ. ਬੋਰਡ ਸ. ਭੁਪਿੰਦਰਪਾਲ ਸਿੰਘ ਭਗਤੂਪੁਰ, ਚੇਅਰਮੈਨ ਸ. ਬਲਰਾਜ ਸਿੰਘ, ਕੁਲਵੰਤ ਸਿੰਘ ਸੀਂਹਭੱਟੀ, ਬਲਵਿੰਦਰ ਸਿੰਘ ਭਿੰਦਾ ਨੈਨੇਕੋਟ, ਸਤਨਾਮ ਸਿੰਘ ਡੇਹਰੀਵਾਲ, ਅੰਗਰੇਜ਼ ਸਿੰਘ ਵਿੱਠਵਾਂ, ਨਰੇਸ਼ ਕੁਮਾਰ ਜੱਫ਼ਰਵਾਲ, ਰਾਜਬੀਰ ਸਿੰਘ ਕਾਹਲੋਂ ਪੀ.ਏ, ਸਰਪੰਚ ਦਲਜੀਤ ਸਿੰਘ ਬਮਰਾਹ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।