ਕਿਸਾਨੀ ਸੰਘਰਸ਼ 'ਚ ਸਾਹਿਤਕ ਹਸਤੀਆਂ ਦੀ ਆਮਦ ਨੇ ਨਵਾਂ ਜੋਸ਼ ਭਰਿਆ : ਫੁਰਮਾਨ ਸਿੰਘ ਸੰਧੂ
5 Dariya News
ਨਵੀਂ ਦਿੱਲੀ 21-Dec-2020
ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਹੈ ਕਿ ਕਲਾਕਾਰਾਂ,ਲੇਖਕਾਂ,ਸਾਹਿਤਕਾਰਾਂ,ਕਵੀਆਂ, ਬੁੱਧੀ-ਜੀਵੀਆਂ ਅਤੇ ਚਿੰਤਕਾਂ ਦੀ ਸ਼ਮੂਲੀਅਤ ਨੇ ਕਿਸਾਨ ਸੰਘਰਸ਼ ਨੂੰ ਨਵਾਂ ਜਜ਼ਬਾ ਪ੍ਰਦਾਨ ਕੀਤਾ ਹੈ।ਨੌਜੁਆਨ ਕਿਸਾਨ ਨੇਤਾ ਨੇ ਕਲਾਕਾਰਾਂ ਤੇ ਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਸਾਹਿਤਿਕ ਹਸਤੀਆਂ ਦੀ ਆਮਦ ਨਾਲ ਜੋਸ਼ ਪੈਦਾ ਹੋਇਆ ਹੈ ਅਤੇ ਖ਼ਾਸ ਕਰਕੇ ਨੌਜੁਆਨ ਵਰਗ ਵੱਡੀ ਗਿਣਤੀ ਵਿੱਚ ਪ੍ਰੇਰਤ ਹੋਇਆ ਹੈ। ਦਲਜੀਤ ਦੁਸਾਂਝ , ਰਣਜੀਤ ਬਾਵਾ, ਹਰਭਜਨ ਮਾਨ, ਕੰਵਰ ਗਰੇਵਾਲ਼ , ਗੁਰਪ੍ਰੀਤ ਸਿੰਘ ਘੁੱਗੀ,ਬਾਬੂ ਸਿੰਘ ਮਾਨ,ਬੱਬੂ ਮਾਨ ਵਰਗੇ ਹਰਮਨ ਪਿਆਰੇ ਕਲਾਕਾਰਾਂ ਵੱਲੋਂ ਪਾਏ ਯੋਗਦਾਨ ਅਤੇ ਗਾਏ ਗੀਤਾਂ ਨੇ ਨੌਜੁਆਨ ਵਰਗ ਨੂੰ ਆਪਣੇ ਹੱਕਾਂ ਲਈ ਜਾਗ੍ਰਿਤ ਕਰਨ ਵਾਸਤੇ ਵੱਡੀ ਭੂਮਿਕਾ ਨਿਭਾਈ ਹੈ।ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬੀ ਦੇ ਪ੍ਰਮੁੱਖ ਚਿੰਤਕ ਅਤੇ ਲੇਖਕ ਸਤਨਾਮ ਮਾਣਕ ਵੱਲੋਂ ਰਚੀ ਕਿਸਾਨੀ ਦੀ ਵਾਰ “ਸ਼ੇਰ ਪੰਜਾਬ ਦੇ “ ਨੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਇਸ ਰਚਨਾ ਵਿੱਚ ਸਤਨਾਮ ਮਾਣਕ ਹੋਰਾਂ ਨੇ ਕਿਸਾਨ ਸੰਘਰਸ਼ ਦੇ ਹਰ ਪੜਾਅ ਦਾ ਵਿਲੱਖਣ ਅਤੇ ਜੋਸ਼ੀਲੇ ਅੰਦਾਜ਼ ਵਿੱਚ ਵਰਨਣ ਕਰਦਿਆਂ ਅਣਖੀਲੇ ਪੰਜਾਬੀਆਂ ਨੂੰ ਜਜ਼ਬਾ ਪ੍ਰਦਾਨ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਲੰਮਾਂ ਸਮਾਂ ਚੜਦੀ ਕਲਾ ਵਿੱਚ ਰੱਖਣ ਲਈ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਰਚਨਾਤਮਿਕ ਯੋਗਦਾਨ ਦੀ ਵੱਡੀ ਭੂਮਿਕਾ ਰਹੇਗੀ।